ਪੰਜਾਬ ਫਤਿਹਗੜ੍ਹ ਸਾਹਿਬ ਵਿਖੇ 19ਵਾਂ ਖੂਨਦਾਨ ਤੇ ਅੱਖਾਂ ਦਾ ਕੈਂਪ/ ਵਿਧਾਇਕ ਇਆਲੀ ਤੇ ਸਾਂਸਦ ਅੰਮ੍ਰਿਤਪਾਲ ਦੇ ਪਿਤਾ ਰਹੇ ਮੌਜੂਦ/ ਪੰਜਾਬੀਆਂ ਦੇ ਹੱਕ ਚ ਸਾਂਝੀ ਆਵਾਜ਼ ਉਠਾਉਣ ਦਾ ਐਲਾਨ By admin - May 8, 2026 0 3 Facebook Twitter Pinterest WhatsApp ਫਤਹਿਗੜ੍ਹ ਸਾਹਿਬ ਵਿਖੇ ਸਾਬਕਾ ਵਿਧਾਇਕ ਕਿਰਪਾਲ ਸਿੰਘ ਲਿਬੜਾ ਦੀ ਯਾਦ ਵਿਚ 19ਵਾਂ ਖੂਨਦਾਨ ਤੇ ਅੱਖਾਂ ਦਾ ਕੈਂਪ ਲਗਾਇਆ ਗਿਆ। ਕੈਂਪ ਵਿਚ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੋਂ ਇਲਾਵਾ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਸਮਾਗਮ ਦੌਰਾਨ ਬੋਲਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਲਗਾਤਾਰ ਇਹ ਯਤਨ ਕੀਤੇ ਜਾ ਰਹੇ ਹਨ ਕਿ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਸਾਂਝੀ ਆਵਾਜ਼ ਉਠਾਈ ਜਾਵੇਗੀ। ਉਹਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਸਬੰਧੀ ਕਾਨੂੰਨ ਨੂੰ ਲੈ ਕੇ ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ ਸੀ, ਪਰ ਅਜਿਹਾ ਕਾਨੂੰਨ ਬਣਾਉਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਏ ਜ਼ਰੂਰ ਲਈ ਜਾਣੀ ਚਾਹੀਦੀ ਸੀ। ਪੰਜਾਬ ਵਿੱਚ ਹੋ ਰਹੀਆਂ ਈਡੀ ਦੀਆਂ ਰੇਡਾਂ ਬਾਰੇ ਗੱਲ ਕਰਦਿਆਂ ਇਆਲੀ ਨੇ ਕਿਹਾ ਕਿ ਜਾਂਚ ਏਜੰਸੀਆਂ ਦੀ ਕਾਰਵਾਈ ਸਿਆਸੀ ਪ੍ਰੇਰਿਤ ਨਹੀਂ ਹੋਣੀ ਚਾਹੀਦੀ ਅਤੇ ਕਾਨੂੰਨ ਨੂੰ ਨਿਰਪੱਖ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਬੰਬ ਬਲਾਸਟ ਦੇ ਮਾਮਲਿਆਂ ਸਬੰਧੀ ਉਹਨਾਂ ਕਿਹਾ ਕਿ ਚੋਣਾਂ ਦੇ ਮਾਹੌਲ ਦੌਰਾਨ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਪ੍ਰਤੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਲੀ ਵਿੱਚ ਕੱਢੇ ਗਏ ਸ਼ਾਂਤਮਈ ਰੋਸ ਮਾਰਚ ਦੌਰਾਨ ਪੁਲਿਸ ਵੱਲੋਂ ਕਈ ਪ੍ਰਮੁੱਖ ਸਿੱਖ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੇ ਜਾਣ ਦੇ ਮਾਮਲੇ ਵਿੱਚ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸ਼ਾਂਤਮਈ ਮਾਰਚ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਲੋਕਤੰਤਰ ਦਾ ਘਾਣ ਹੈ।