ਅੰਮ੍ਰਿਤਸਰ ਰਾਜਾਸਾਂਸੀ ‘ਚ AAP ਦਾ ਰੋਸ ਪ੍ਰਦਰਸ਼ਨ/ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ/ ਸੋਨੀਆ ਮਾਨ ਨੇ ਭਾਜਪਾ ਵੱਲ ਸਾਧੇ ਤਿੱਖੇ ਨਿਸ਼ਾਨੇ

0
2

ਭਾਜਪਾ ’ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਖਿਲਾਫ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਤਹਿਤ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਵਿਖੇ ਵੀ ਪਾਰਟੀ ਦੀ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਹੇਠ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਤਰ ਪਾਰਟੀ ਵਰਕਰਾਂ ਨੇ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ ਸਮੇਤ ਸੱਤ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਪਾਰਟੀ ਨੇ ਵੱਡਾ ਮਾਨ ਸਨਮਾਨ ਦਿੱਤਾ ਪਰ ਇਨ੍ਹਾਂ ਨੇ ਭਾਜਪਾ ਵਿਚ ਜਾ ਕੇ ਪਾਰਟੀ ਦੇ ਨਾਲ ਨਾਲ ਪੰਜਾਬ ਨਾਲ ਵੀ ਗੱਦਾਰੀ ਕੀਤੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਹ ਨੇਤਾ ਈਡੀ ਅਤੇ ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਭਾਜਪਾ ਵਿੱਚ ਸ਼ਾਮਲ ਹੋਏ ਹਨ। ਸੋਨੀਆ ਮਾਨ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਵਿਰੋਧੀ ਨੀਤੀਆਂ ਅਪਣਾਈਆਂ ਹਨ। ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋਏ, ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਦੇਖਾ ਕੀਤਾ। ਉਨ੍ਹਾਂ ਕਿਹਾ ਕਿ MSP, ਹੜ੍ਹ ਰਾਹਤ ਅਤੇ ਹੋਰ ਮਸਲਿਆਂ ‘ਤੇ ਵੀ ਪੰਜਾਬ ਨਾਲ ਧੱਕਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਭਾਜਪਾ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਜੋ ਵੀ ਨੇਤਾ ਭਾਜਪਾ ਵਿੱਚ ਜਾਣ ਦੀ ਸੋਚ ਰਹੇ ਹਨ, ਉਹ ਆਪਣਾ ਸਿਆਸੀ ਨੁਕਸਾਨ ਖੁਦ ਕਰਨਗੇ। ਰਾਘਵ ਚੱਢਾ ‘ਤੇ ਨਿਸ਼ਾਨਾ ਸਾਧਦਿਆਂ ਸੋਨੀਆ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਨੁਮਾਇੰਦਗੀ ਲਈ ਰਾਜ ਸਭਾ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਦੀ ਥਾਂ ਹੋਰ ਗੱਲਾਂ ‘ਤੇ ਧਿਆਨ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਕਾਫੀ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਚੱਲ ਰਹੀਆਂ ਸਨ। ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਸਰਪੰਚ ਅਤੇ ਆਗੂ ਮੌਜੂਦ ਰਹੇ।

LEAVE A REPLY

Please enter your comment!
Please enter your name here