
ਸੰਸਦ ਮੈਂਬਰ ਅਤੇ ਉਪ ਪ੍ਰਧਾਨ ਬੀ.ਸੀ.ਸੀ ਆਈ ਰਾਜੀਵ ਸ਼ੁਕਲਾ ਵੱਲੋਂ ਅੱਜ ਨਾਰੀ ਨਿਕੇਤਨ ਜਲੰਧਰ ਦਾ ਦੌਰਾ ਕੀਤਾ ਗਿਆ ਅਤੇ ਟਰੱਸਟ ਵੱਲੋਂ ਕੀਤੇ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦਾ ਨਾਰੀ ਨਿਕੇਤਨ ਦਾ ਇਹ ਦੂਸਰਾ ਦੌਰਾ ਸੀ। ਦੌਰੇ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਮਿਲ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਸੰਸਥਾ ਦੇ ਭਲਾਈ ਕੰਮਾਂ ਦੀ ਭਰਵੀਂ ਸ਼ਲਾਘਾ ਕੀਤੀ।
ਟਰੱਸਟ ਦੀ ਜਨਰਲ ਸਕੱਤਰ ਗੁਰਜੋਤ ਕੌਰ ਤੇ ਟਰੱਸਟੀ ਸੀਮਾ ਚੋਪੜਾ ਵੱਲੋਂ ਉਨ੍ਹਾਂ ਦਾ ਨਾਰੀ ਨਿਕੇਤਨ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਬੱਚਿਆਂ ਤੋਂ ਜ਼ਿੰਦਗੀ ਬਾਰੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਜੀਵਨ ਦੀਆਂ ਔਕੜਾਂ ਤੋਂ ਸਿੱਖ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ ਤੇ ਸਖਤ ਮਿਹਨਤ ਦੇ ਬਲਬੂਤੇ ਹੀ ਮੰਨਚਾਹੀ ਮੰਜ਼ਿਲ ਤਕ ਪਹੁੰਚਿਆ ਜਾ ਸਕਦਾ ਹੈ।
ਨਾਰੀ ਨਿਕੇਤਨ ਟਰੱਸਟ ਵੱਲੋਂ ਅਨਾਥ ਤੇ ਬੇਸਹਾਰਾ ਬੱਚਿਆਂ, ਖਾਸ ਕਰਕੇ ਲੜਕੀਆਂ ਦੀ ਪ੍ਰਵਰਿਸ਼ ਲਈ ਕੀਤੇ ਜਾ ਰਹੇ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਸਥਾ ਇੰਦਰ ਕੁਮਾਰ ਗੁਜਰਾਲ ਦੇ ਮਾਤਾ-ਪਿਤਾ ਪੁਸ਼ਪਾ ਗੁਜਰਾਲ ਤੇ ਅਵਤਾਰ ਨਾਰਾਇਣ ਗੁਜਰਾਲ ਵੱਲੋਂ ਵੰਡ ਦੇ ਸਮੇਂ ਬੇਸਹਾਰਾ ਔਰਤਾਂ ਦੀ ਮਦਦ ਲਈ ਸਥਾਪਿਤ ਕੀਤੀ ਗਈ ਸੀ। ਇਹ ਸੰਸਥਾ ਅੱਜ ਵੀ ਉਸੇ ਸੇਵਾ ਭਾਵ ਨਾਲ ਚੱਲ ਰਹੀ ਹੈ ਤੇ ਬੱਚਿਆਂ ਨੂੰ ਨਾ ਸਿਰਫ਼ ਆਸਰਾ, ਸਗੋਂ ਸਿੱਖਿਆ ਦੇ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਅਖੀਰ ਵਿਚ ਉਨ੍ਹਾਂ ਕਿਹਾ ਕਿ ਉਹ ਇੱਥੇ ਆ ਕੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੀ ਮਨੁੱਖਤਾ ਲਈ ਸੇਵਾ ਬੇਮਿਸਾਲ ਹੈ, ਜਿਸ ਦਾ ਜ਼ਿਕਰ ਉਹ ਆਪਣੀ ਪੁਸਤਕ ’ਚ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਉਪਰਾਲਾ ਸਾਡੇ ਲਈ ਪ੍ਰੇਰਣਾ ਸਰੋਤ ਹੈ, ਜਿਸ ਦੀ ਜਿੰਨਾ ਤਾਰੀਫ ਕੀਤੀ ਜਾਵੇ, ਥੋੜੀ ਹੈ।


