ਮਾਛੀਵਾੜਾ ਨੇੜੇ ਕਣਕ ਦੀ ਅੱਗ ਬੁਝਾਉਂਦੇ ਕਿਸਾਨ ਦੀ ਮੌਤ/ ਧੂੰਏ ਤੇ ਘਬਰਾਹਟ ਕਾਰਨ ਪਿਆ ਦਿਲ ਦਾ ਦੌਰਾ

0
2

 

ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸਲਾਣਾ ਬੇਟ ਵਿਖੇ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ 42 ਸਾਲਾ ਕਿਸਾਨ ਮਨਦੀਪ ਸਿੰਘ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸਵੇਰੇ ਸਾਢੇ-8 ਵਜੇ ਖੇਤਾਂ ਵਿਚ ਨਾੜ ਨੂੰ ਅੱਗ ਲੱਗ ਗਈ। ਇਹ ਅੱਗ ਮਨਦੀਪ ਸਿੰਘ ਦੇ ਖੇਤਾਂ ਵਿਚ ਵਧਦੀ ਜਾ ਰਹੀ ਸੀ, ਜਿਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੌਰਾਨ ਮਨਦੀਪ ਸਿੰਘ ਧੂੰਏ ਦੀ ਲਪੇਟ ਵਿਚ ਆਉਣ ਕਾਰਨ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਤੁਰੰਤ  ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਛੋਟੇ ਬੱਚੇ ਛੱਡ ਗਿਆ ਹੈ। ਉਸ ਦੇ ਪਿਤਾ ਦੀ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ।
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਸਵੇਰੇ 8.30 ਵਜੇ ਸ਼ਾਟ ਸਰਕਟ ਕਾਰਨ ਖੇਤਾਂ ਵਿਚ ਖੜੇ ਨਾੜ ਨੂੰ ਅੱਗ ਲੱਗ ਗਈ। ਇਹ ਅੱਗ ਕਿਸਾਨ ਮਨਦੀਪ ਸਿੰਘ ਦੀ ਖੜ੍ਹੀ ਕਣਕ ਫਸਲ ਵੱਲ ਵਧਦੀ ਜਾ ਰਹੀ ਸੀ ਜਿਸ ਕਾਰਨ ਉਹ ਟ੍ਰੈਕਟਰ ਲੈ ਕੇ ਹੋਰ ਪਿੰਡ ਵਾਸੀਆਂ ਦੀ ਮੱਦਦ ਨਾਲ ਅੱਗ ਨੂੰ ਬੁਝਾਉਣ ਲੱਗ ਪਿਆ। ਟਰੈਕਟਰ ਉਤੇ ਸਵਾਰ ਮਨਦੀਪ ਸਿੰਘ ਨੇ ਜਦੋਂ ਆਪਣੀ ਕਣਕ ਨੂੰ ਚਪੇਟ ਵਿਚ ਆਉਂਦਿਆਂ ਦੇਖਿਆ ਤਾਂ ਉਹ ਧੂੰਏ ਦੀ ਪ੍ਰਵਾਹ ਕੀਤੇ ਬਿਨ੍ਹਾਂ ਉਸ ਨੂੰ ਬੁਝਾਉਣ ਲੱਗ ਪਿਆ। ਅੱਗ ਬੁਝਾਉਣ ਸਮੇਂ ਆਪਣੀ ਫਸਲ ਨੂੰ ਬਚਾਉਂਦਿਆਂ ਅਤੇ ਧੂੰਏ ਦੀ ਚਪੇਟ ਵਿਚ ਆਉਣ ਕਾਰਨ ਉਹ ਘਬਰਾਹਟ ਵਿਚ ਆ ਗਿਆ ਜਿਸ ਨੂੰ ਦਿਲ ਦਾ ਦੌਰਾ ਪੈ ਗਿਆ।
ਪਿੰਡ ਵਾਸੀਆਂ ਵਲੋਂ ਮੌਕੇ ’ਤੇ ਕਿਸਾਨ ਮਨਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਲਾਜ ਲਈ ਤੁਰੰਤ ਹਸਪਤਾਲ ਲਿਆਂਦਾ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ। ਜਦੋਂ ਪਿੰਡ ਵਿਚ ਉਸਦੀ ਮੌਤ ਦੀ ਖ਼ਬਰ ਪੁੱਜੀ ਤਾਂ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਨੌਜਵਾਨ ਮਨਦੀਪ ਸਿੰਘ ਦੇ 2 ਛੋਟੇ-ਛੋਟੇ ਬੱਚੇ ਹਨ ਜਦਕਿ ਉਸਦੇ ਪਿਤਾ ਦੀ ਡੇਢ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਵਿਧਵਾ ਮਾਂ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਜਿੱਥੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਇਸ ਦਰਦਨਾਕ ਹਾਦਸੇ ਵਿਚ ਕਿਸਾਨ ਮਨਦੀਪ ਸਿੰਘ ਦੀ ਮੌਤ ਹੋਣਾ ਬਹੁਤ ਮੰਦਭਾਗਾ ਹੈ ਅਤੇ ਉਸਦੇ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਪਿੰਡ ਸਲਾਣਾ ਬੇਟ ਵਿਖੇ 2 ਨਾਜ਼ੁਕ ਸਥਾਨ ਹਨ ਜਿੱਥੇ ਸ਼ਾਟ ਸਰਕਟ ਕਾਰਨ ਹਰ ਸਾਲ ਅੱਗ ਲੱਗਦੀ ਹੈ ਜਿਸ ਲਈ ਬਿਜਲੀ ਵਿਭਾਗ ਨੂੰ ਹਾਦਸਿਆਂ ਤੋਂ ਬਚਾਅ ਲਈ ਇੱਥੇ ਤੁਰੰਤ ਢੁੱਕਵੇਂ ਕਦਮ ਉਠਾਉਣੇ ਚਾਹੀਦੇ ਹਨ।
ਕਿਸਾਨ ਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਵੀ ਮੌਕੇ ’ਤੇ ਪੁੱਜੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਮਾਮਲੇ ਦੀ ਸਾਰੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਵਲੋਂ ਜੋ ਵੀ ਹਦਾਇਤਾਂ ਆਉਣਗੀਆਂ ਉਸ ਦੇ ਅਧਾਰ ’ਤੇ ਪੀੜ੍ਹਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here