ਪੰਜਾਬ ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ਦਾ ਮੁੱਦਾ ਗਰਮਾਇਆ/ ਖਸਤਾ ਹਾਲਤ ਕਾਰਨ ਹਾਦਸੇ ਵਾਪਰਨ ਦਾ ਡਰ/ ਕਾਂਗਰਸੀ ਆਗੂ ਦਿਨੇਸ਼ ਬੱਸੀ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ By admin - April 9, 2026 0 3 Facebook Twitter Pinterest WhatsApp ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ਦੀ ਖਸਤਾ ਹਾਲਤ ਦੇ ਮੁੱਦੇ ਉਤੇ ਸਿਆਸਤ ਗਰਮਾ ਗਈ ਹੈ। ਇੰਪ੍ਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਫਲਾਈਓਵਰ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗਾਂ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫਲਾਈਓਵਰ ਦੀ ਖਸਤਾ ਹਾਲਤ ਕਾਰਨ ਕਿਸੇ ਕਿਸਮ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ, ਇਸ ਲਈ ਮੌਜੂਦਾ ਸਰਕਾਰ ਤੇ ਸਬੰਧਤ ਵਿਭਾਗ ਜ਼ਿੰਮੇਵਾਰ ਹੋਵੇਗਾ। ਬੱਸੀ ਨੇ ਕਿਹਾ ਕਿ ਇਸ ਫਲਾਈਓਵਰ ਉਪਰੋਂ ਸੱਤਾਧਾਰੀ ਧਿਰ ਦੇ ਤਿੰਨ-ਤਿੰਨ ਵਿਧਾਇਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦੇ, ਇਸ ਦੇ ਬਾਵਜੂਦ ਕਿਸੇ ਦੀ ਪੁਲ ਦੀ ਖਸਤਾ ਹਾਲਤ ਵੱਲ ਧਿਆਨ ਨਹੀਂ ਗਿਆ। ਉਨ੍ਹਾਂ ਤੰਜ਼ ਕਰਦਿਆਂ ਕਿਹਾ ਕਿ ਸ਼ਾਇਦ ਇਹਨਾਂ ਨੇਤਾਵਾਂ ਲਈ ਆਮ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਰਹੀ, ਇਸ ਲਈ ਉਹ ਇਸ ਗੰਭੀਰ ਮੁੱਦੇ ‘ਤੇ ਵੀ ਚੁੱਪ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨ ਹਨ। ਜਦੋਂ ਫਲਾਈਓਵਰ ਦਾ ਨਿਰਮਾਣ ਹੋ ਰਿਹਾ ਸੀ, ਉਸ ਵੇਲੇ ਸਰਵਿਸ ਲੇਨ ਨਹੀਂ ਬਣਾਈ ਗਈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਜਦੋਂ ਫਲਾਈਓਵਰ ਤਿਆਰ ਹੋ ਗਿਆ ਹੈ, ਉਸ ਦੇ ਧੱਸਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ, ਜਿਸ ਨਾਲ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਬੱਸੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਹਿਲਾਂ ਹੀ ਆਵਾਜ਼ ਉਠਾਈ ਸੀ ਅਤੇ ਮਜ਼ਬੂਤ ਪਿਲਰ ਵਾਲੇ ਫਲਾਈਓਵਰ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜੇ ਸਮੇਂ ‘ਤੇ ਉਨ੍ਹਾਂ ਦੀ ਗੱਲ ਮੰਨੀ ਜਾਂਦੀ ਤਾਂ ਅੱਜ ਇਹ ਹਾਲਤ ਨਾ ਬਣਦੀ। ਉਨ੍ਹਾਂ ਦੋਸ਼ ਲਗਾਇਆ ਕਿ ਠੇਕੇਦਾਰ ਕੰਪਨੀ (DMR) ਅਤੇ ਸੰਬੰਧਤ ਅਧਿਕਾਰੀਆਂ ਦੀ ਮਿਲੀਭਗਤ ਨਾਲ ਘਟੀਆ ਨਿਰਮਾਣ ਕੀਤਾ ਗਿਆ ਹੈ, ਜਿਸ ਕਾਰਨ ਕੁਝ ਹੀ ਸਮੇਂ ਵਿੱਚ ਫਲਾਈਓਵਰ ਦੀ ਹਾਲਤ ਖਰਾਬ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਕੰਪਨੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਐਫ਼ਆਈਆਰ ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇ ਅਤੇ ਪੂਰੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਬੱਸੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਠੇਕੇਦਾਰ ਅਤੇ ਪੰਜਾਬ ਸਰਕਾਰ ਦੋਹਾਂ ਤੋਂ ਜਵਾਬ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ, ਜਿਸਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦਿੱਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਫਲਾਈਓਵਰ ਦੇ ਹੇਠਾਂ ਬਣੀ ਸਰਵਿਸ ਲੇਨ ਅੱਜ ਵੀ ਬੰਦ ਪਈ ਹੈ, ਜਿੱਥੇ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਸੀਵਰੇਜ ਦੀ ਸਮੱਸਿਆ ਬਣੀ ਰਹਿੰਦੀ ਹੈ। ਕਈ ਵਾਰ ਪ੍ਰੋਜੈਕਟ ਡਾਇਰੈਕਟਰ ਅਬਦੁੱਲਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ, ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਬੱਸੀ ਨੇ ਕਿਹਾ ਕਿ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਕਈ ਲੋਕ ਆਪਣੇ ਘਰ ਵੇਚ ਕੇ ਇੱਥੋਂ ਜਾਣ ਲਈ ਮਜਬੂਰ ਹੋ ਰਹੇ ਹਨ, ਜੋ ਕਿ ਸਰਕਾਰ ਦੀ ਨਾਕਾਮੀ ਨੂੰ ਸਾਫ ਦਰਸਾਉਂਦਾ ਹੈ। ਇਸ ਦੌਰਾਨ ਦਿਨੇਸ਼ ਬੱਸੀ ਖੁਦ ਮੌਕੇ ‘ਤੇ ਪਹੁੰਚੇ ਅਤੇ ਫਲਾਈਓਵਰ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਧੰਸੀ ਹੋਈ ਸੜਕ ਅਤੇ ਖਰਾਬ ਨਿਰਮਾਣ ਨੂੰ ਮੌਕੇ ‘ਤੇ ਦਿਖਾਉਂਦੇ ਹੋਏ ਕਿਹਾ ਕਿ ਇਹ ਹਾਲਤ ਕਿਸੇ ਵੱਡੇ ਹਾਦਸੇ ਦੀ ਸਾਫ਼ ਚੇਤਾਵਨੀ ਹੈ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਮੂੰਦ ਕੇ ਬੈਠੇ ਹਨ। ਅੰਤ ਵਿੱਚ ਉਨ੍ਹਾਂ ਕਿਹਾ, “ਦਬੁਰਜੀ ਫਲਾਈਓਵਰ ਦਾ ਧੱਸਣਾ ਇਹ ਸਾਬਤ ਕਰਦਾ ਹੈ ਕਿ ਲੋਕਾਂ ਦੇ ਪੈਸੇ ਨਾਲ ਘਟੀਆ ਕੰਮ ਕੀਤਾ ਗਿਆ ਹੈ। ਜਦ ਤੱਕ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਕਾਂਗਰਸ ਪਾਰਟੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੀ ਰਹੇਗੀ ਅਤੇ ਲੋਕਾਂ ਦੀ ਆਵਾਜ਼ ਬਣ ਕੇ ਸੰਘਰਸ਼ ਜਾਰੀ ਰੱਖੇਗੀ।