ਫਰੀਦਕੋਟ ’ਚ ਮੀਂਹ ਨਾਲ 200 ਏਕੜ ਕਣਕ ਬਰਬਾਦ/ ਪੱਕ ਕੇ ਤਿਆਰ ਕਣਕ ’ਚ ਖੜ੍ਹਿਆ ਮੀਂਹ ਦਾ ਪਾਣੀ/ ਕਿਸਾਨਾਂ ਵੱਲੋਂ ਸਰਕਾਰ ਅੱਗੇ ਮਦਦ ਲਈ ਗੁਹਾਰ

0
3

ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਜਾਣ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਗੱਲ ਜੇਕਰ ਫਰੀਦਕੋਟ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਪਿੰਡ ਔਲਖ ਅੰਦਰ ਕਰੀਬ 200 ਏਕੜ ਕਣਕ ਦੀ ਫਸਲ ਪਾਣੀ ਦੀ ਮਾਰ ਹੇਠ ਆ ਗਈ ਜਿੱਥੇ ਬਾਰਿਸ਼ ਦੇ ਚਲਦੇ ਖੇਤਾਂ ਅੰਦਰ ਪਾਣੀ ਜਮ੍ਹਾਂ ਹੋ ਗਿਆ। ਕਿਸਾਨ ਰਾਮਪਾਲ ਸਿੰਘ ਨੇ ਦੱਸਿਆ ਕਿ  ਬਾਰਿਸ਼ ਕਾਰਨ ਜਿੱਥੇ ਕਣਕ ਦੇ ਝਾੜ ਵਿੱਚ ਗਿਰਾਵਟ ਆਵੇਗੀ ਅਤੇ ਤੂੜੀ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਕਈ ਇਲਾਕਿਆਂ ਵਿੱਚ ਗੜੇਮਾਰੀ ਹੋਣ ਕਾਰਨ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਹੈ।
ਕਿਸਾਨਾਂ ਦੇ ਦੱਸਣ ਮੁਤਾਬਕ ਪੱਕ ਕੇ ਤਿਆਰ ਕਣਕ ਮੀਂਹ ਧਰਤੀ ਉਤੇ ਵਿੱਛ ਗਈ ਹੈ ਅਤੇ ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਕਣਕ ਪੂਰੀ ਤਰ੍ਹਾਂ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਕਿਸਾਨਾਂ ਅਨੁਸਾਰ ਵਿਸਾਖੀ ਤੱਕ ਫਸਲ ਵਢਾਈ ਲਈ ਤਿਆਰ ਹੋ ਜਾਂਦੀ ਸੀ, ਪਰ ਮੌਸਮ ਖਰਾਬ ਹੋਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਮਹਿੰਗੀਆਂ ਖਾਦਾਂ, ਸਪਰੇਆਂ ਅਤੇ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਜਦੋਂ ਫਸਲ ਪੱਕ ਕੇ ਤਿਆਰ ਸੀ, ਤਾਂ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਆਰਥਿਕ ਮੁਸ਼ਕਿਲ ਵਿੱਚ ਪਾ ਦਿੱਤਾ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਕਿਸਾਨ ਨੂੰ ‘ਅੰਨਦਾਤਾ’ ਕਿਹਾ ਜਾਂਦਾ ਹੈ, ਪਰ ਅੱਜ ਉਹ ਖੁਦ ਭੁੱਖਮਰੀ ਦੀ ਕਗਾਰ ‘ਤੇ ਹੈ। ਇੰਨੀ ਮਿਹਨਤ ਅਤੇ ਖਰਚੇ ਤੋਂ ਬਾਅਦ ਹੱਥ ਆਈ ਫਸਲ ਬਰਬਾਦ ਹੋ ਰਹੀ ਹੈ। ਕਿਸਾਨਾਂ ਨੇ ਭਰੇ ਮਨ ਨਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਗਿਰਦਾਵਰੀ ਕਰਵਾਇਆ ਜਾਵੇ। ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਦਿੱਤਾ ਜਾਵੇ।

LEAVE A REPLY

Please enter your comment!
Please enter your name here