ਸੁਲਤਾਨਪੁਰ ਲੋਧੀ ’ਚ ਨਸ਼ੇ ਨੇ ਉਜਾੜਿਆ ਘਰ/ ਪੰਜਵੇਂ ਪੁੱਤਰ ਦੀ ਵੀ ਨਸ਼ੇ ਕਾਰਨ ਹੋਈ ਮੌਤ/ ਮਾਂ ਵੱਲੋਂ ਨੂੰਹ ਨੂੰ ਸਰਕਾਰੀ ਨੌਕਰੀ ਦੀ ਮੰਗ

0
4

ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੇ ਕਹਿਰ ਨੇ ਇੱਕ ਪਰਿਵਾਰ ਦੇ ਸਾਰੇ ਚਿਰਾਗ ਬੁਝਾ ਦਿੱਤੇ ਹਨ। ਪਰਿਵਾਰ ਦੇ ਪੰਜਵੇਂ ਅਤੇ ਆਖਰੀ ਪੁੱਤਰ ਦੀ ਵੀ ਮੌਤ ਹੋ ਗਈ ਹੈ, ਜਿਸ ਨਾਲ ਘਰ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੀ ਪਛਾਣ ਸੋਨੂ ਵਜੋਂ ਹੋਈ ਹੈ, ਜਦਕਿ ਉਸ ਦੀ ਮਾਤਾ ਦਾ ਨਾਮ ਮਨਜੀਤ ਕੌਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਘਰ ਦੇ ਚਾਰ ਪੁੱਤਰ ਨਸ਼ੇ ਦੀ ਲਤ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਹੁਣ ਪੰਜਵੇਂ ਪੁੱਤਰ ਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪੁੱਤਰ ਗੁਆ ਚੁੱਕੀ ਮਾਂ ਨੇ ਸਰਕਾਰ ਤੋਂ ਨੂੰਹ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਦਾ ਪਾਲਣ ਪੋਸਣ ਹੋ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਨਜੀਤ ਕੌਰ ਦੀ ਰੋਂਦੀ ਹੋਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ। ਪ੍ਰਸ਼ਾਸਨ ਵੱਲੋਂ ਨੌਜਵਾਨ ਸੋਨੂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਇਲਾਜ ਦੌਰਾਨ ਅੰਮ੍ਰਿਤਸਰ ਵਿਖੇ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੌਤਾਂ ਦੇ ਵੱਖ-ਵੱਖ ਕਾਰਨ ਹਨ ਅਤੇ ਹਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਦੁਖੀ ਮਾਂ ਮਨਜੀਤ ਕੌਰ ਨੇ ਪੁਲਿਸ ਦੇ ਇਸ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਉਸਦੇ ਸਾਰੇ ਪੁੱਤਰਾਂ ਦੀ ਮੌਤ ਦਾ ਅਸਲ ਕਾਰਨ ਨਸ਼ਾ ਹੀ ਹੈ।
ਇਸ ਦੇ ਨਾਲ ਹੀ ਰੋਂਦੀ ਮਾਂ ਨੇ ਮੁੱਖ ਮੰਤਰੀ ਕੋਲ ਅਪੀਲ ਕੀਤੀ ਹੈ ਕਿ ਉਸ ਦੀ ਨੋਹ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਮੁੜ ਸੰਭਾਲ ਸਕੇ ਅਤੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਮਾਂ ਦੀ ਦਰਦ ਭਰੀ ਅਪੀਲ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਮਾਂ ਨੂੰ ਇਸ ਤਰ੍ਹਾਂ ਦਾ ਅਪਾਰ ਦੁੱਖ ਨਾ ਸਹਿਣਾ ਪਵੇ। ਇਹ ਘਟਨਾ ਇੱਕ ਵਾਰ ਫਿਰ ਸਮਾਜ ਅਤੇ ਪ੍ਰਸ਼ਾਸਨ ਲਈ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਨਸ਼ੇ ਦੇ ਖ਼ਿਲਾਫ਼ ਜੰਗ ਕਿੰਨੀ ਗੰਭੀਰਤਾ ਨਾਲ ਲੜੀ ਜਾ ਰਹੀ ਹੈ ਅਤੇ ਇਸਨੂੰ ਰੋਕਣ ਲਈ ਹੋਰ ਕਿੰਨੇ ਕੜੇ ਕਦਮ ਚੁੱਕਣ ਦੀ ਲੋੜ ਹੈ।

LEAVE A REPLY

Please enter your comment!
Please enter your name here