ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ/ DM ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਹੋਈ ਗ੍ਰਿਫ਼ਤਾਰੀ

0
4

ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਾਣਕਾਰੀ ਅਨੁਸਾਰ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਅੰਮ੍ਰਿਤਸਰ ਦੇ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਵਾਇਰਲ ਵੀਡੀਓ ’ਚ ਗਗਨਦੀਪ ਵੱਲੋਂ ਲਾਲਜੀਤ ਸਿੰਘ ਭੁੱਲਰ ’ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਲਜੀਤ ਭੁੱਲਰ ਤੋਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਤਾਰ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਗ੍ਰਿਫ਼ਤਾਰੀ ਤੱਕ ਗਗਨਦੀਪ ਸਿੰਘ ਦਾ ਪੋਸਟਮਾਰਟਮ ਤੇ ਅੰਤਿਮ ਸੰਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸੇ ਤਰ੍ਹਾਂ ਵਿਰੋਧੀ ਧਿਰਾਂ ਵੀ ਸਰਕਾਰ ’ਤੇ ਦਬਾਅ ਬਣਾ ਰਹੀਆਂ ਸੀ। ਇਸੇ ਦੌਰਾਨ ਪੁਲਿਸ ਨੇ ਗ੍ਰਿਫਤਾਰੀ ਪੁਸ਼ਟੀ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਦੇ ਦੱਸਣ ਮੁਤਾਬਕ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਉਸ ਨੂੰ ਅੰਮ੍ਰਿਤਸਰ ਵਿਖੇ ਲਿਜਾਇਆ ਜਾ ਰਿਹਾ ਹੈ ਜਿੱਥੇ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਸੇ ਦੌਰਾਨ ਮੁੱਖ ਮੰਤਰੀ ਮਾਨ ਨੇ ਵੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਨੇ ਐਕਸ ਉਤੇ ਜਾਰੀ ਪੋਸਟ ਵਿਚ ਲਿਖਿਆ ਕਿ, ‘ਮੇਰੇ ਲਈ ਸਾਰਾ ਪੰਜਾਬ ਹੀ ਇੱਕ ਪਰਿਵਾਰ ਹੈ..ਪੰਜਾਬ ‘ਚ ਕੋਈ ਵੀ ਜੇਕਰ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ ਭਾਵੇਂ ਉਹ ਕਿਸੇ ਵੀ ਅਹੁਦੇ ਉੱਤੇ ਜਾਂ ਮੇਰਾ ਕੋਈ ਸਕਾ-ਸੰਬੰਧੀ ਜਾਂ ਰਸੂਖਦਾਰ ਹੋਵੇ..ਕਿਸੇ ਦੀ ਪੁਸ਼ਤ ਪਨਾਹੀ ਕਰਨੀ ਸਾਡੀ ਪਾਰਟੀ ਦਾ ਏਜੰਡਾ ਨਹੀਂ ਹੈ..ਕੈਸ਼ ਅਤੇ ਫਰਮਾਇਸ਼ ਦੀ ਸਖ਼ਤ ਮਨਾਹੀ ਹੈ..।
ਉਧਰ ਵਿਰੋਧੀ ਧਿਰਾਂ ਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਪੰਜਾਬ ਭਾਜਪਾ ਪ੍ਰਧਾਨ ਨੇ ਪੰਜਾਬ ਸਰਕਾਰ ਦੀ ਕਾਰਵਾਈ ਉੱਤੇ ਤੰਜ ਕੱਸਦਿਆ ਐਕਸ ਪੋਸਟ ਰਾਹੀਂ ਕਿਹਾ ਕਿ, ‘ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਲਈ ਆਪ ਸਰਕਾਰ ਨੂੰ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਸੰਕੇਤ ਦਿੱਤਾ ਸੀ। ਭਗਵੰਤ ਮਾਨ ਸਰਕਾਰ ਜਾਣਦੀ ਹੈ ਕਿ ਜੇਕਰ ਕੇਸ ਸੀਬੀਆਈ ਕੋਲ ਗਿਆ ਤਾਂ ਇਸ ਕੱਟੜ ਬੇਈਮਾਨ ਸਰਕਾਰ ਦੇ ਹੋਰ ਕਈ ਰਾਜ ਖੁੱਲ੍ਹ ਸਕਦੇ ਹਨ ਅਤੇ ਇਹ ਵੀ ਪਤਾ ਲੱਗ ਸਕਦਾ ਹੈ ਕਿ ਮੰਤਰੀ ਪੈਸੇ ਇੱਕਠੇ ਕਰਕੇ ਕਿੱਥੇ ਕਿੱਥੇ ਭੇਜਦਾ ਸੀ। ਪਰ ਹਾਲੇ ਲੜਾਈ ਮੁੱਕੀ ਨਹੀਂ। ਨਿਰਪੱਖ ਜਾਂਚ ਜ਼ਰੂਰੀ ਹੈ। ਇਹ ਸਰਕਾਰ ਜਾਂਚ ਬਹਾਨੇ ਕੇਸ ਨੂੰ ਲਮਕਾਉਣ ਦਾ ਯਤਨ ਨਾ ਕਰੇ।’
ਇਸੇ ਦੌਰਾਨ ਲਾਲਜੀਤ ਭੁੱਲਰ ਨੇ ਵੀ ਪੋਸਟ ਜਾਰੀ ਕਰ ਕੇ ਆਤਮ ਸਮਰਪਣ ਦੀ ਗੱਲ ਕਹੀ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ, ‘ਮੈਂ ਹਰ ਵਾਰ ਆਪਣੇ ਹਰ ਕਦਮ ਦੀ ਸ਼ੁਰੂਆਤ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕੀਤੀ ਹੈ। ਮੇਰੇ ਲਈ ਮੇਰੇ ਲੋਕ ਹੀ ਮੇਰਾ ਰੱਬ ਹਨ, ਉਨ੍ਹਾਂ ਦੇ ਚਿਹਰਿਆਂ ਵਿੱਚ ਮੈਂ ਹਮੇਸ਼ਾ ਰੱਬ ਦੀ ਝਲਕ ਵੇਖੀ ਹੈ। ਮੇਰੀ ਜ਼ਿੰਦਗੀ ਦਾ ਹਰ ਫੈਸਲਾ ਉਨ੍ਹਾਂ ਦੀ ਭਲਾਈ ਅਤੇ ਸੱਚਾਈ ਦੇ ਰਾਹ ‘ਤੇ ਚੱਲਣ ਲਈ ਹੀ ਰਿਹਾ ਹੈ। ਪਰ ਅੱਜ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਕਿ ਮੈਂ ਫਰਾਰ ਹੋ ਗਿਆ ਹਾਂ… ਇਹ ਸੱਚ ਨਹੀਂ ਹੈ। ਮੈਂ ਕਦੇ ਵੀ ਸੱਚ ਤੋਂ ਭੱਜਣ ਵਾਲਾ ਨਹੀਂ ਹਾਂ। ਮੈਨੂੰ ਦੇਸ਼ ਦੇ ਕਾਨੂੰਨ ‘ਤੇ ਪੂਰਾ ਭਰੋਸਾ ਹੈ ਅਤੇ ਨਿਆਂ ਪ੍ਰਣਾਲੀ ‘ਤੇ ਵੀ ਅਟੱਲ ਵਿਸ਼ਵਾਸ ਹੈ। ਮੈਂ ਕਿਤੇ ਵੀ ਨਹੀਂ ਭੱਜਿਆ, ਮੈਂ ਆਪਣੇ ਪੰਜਾਬ ਵਿੱਚ ਹੀ ਹਾਂ।ਸੱਚਾਈ ਅਤੇ ਇਨਸਾਫ ‘ਤੇ ਯਕੀਨ ਰੱਖਦਿਆਂ, ਮੈਂ ਖੁਦ ਮੰਡੀ ਗੋਬਿੰਦਗੜ੍ਹ ਵਿਖੇ ਆਤਮ ਸਮਰਪਣ ਕਰ ਰਿਹਾ ਹਾਂ।’ ਕੁੱਲ ਮਿਲਾ ਕੇ ਸਾਬਕਾ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਉੱਠ ਰਹੀਆਂ ਸਿਆਸੀ ਸੁਰਾਂ ਵਿਚ ਕੁੱਝ ਨਰਮੀ ਆਉਣ ਦੇ ਆਸਾਰ ਹਨ।

LEAVE A REPLY

Please enter your comment!
Please enter your name here