ਅਬੋਹਰ ਦੇ ਸਰਕਾਰੀ ਹਸਪਤਾਲ ਅੰਦਰ ਚੋਰੀ/ ਮਰੀਜ਼ ਦੀ ਜੇਬ ’ਚੋਂ ਚੋਰੀ ਕੀਤੀ ਨਕਦੀ/ ਲੋਕਾਂ ਨੇ ਫੜ ਕੇ ਕੀਤੀ ਛਿੱਤਰ ਪਰੇਡ

0
4

ਅਬੋਹਰ ਦੇ ਸਰਕਾਰੀ ਹਸਪਤਾਲ ਅੰਦਰ ਇਕ ਚੋਰ ਨੂੰ ਚੋਰੀ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਲੋਕਾਂ ਨੇ ਚੋਰ ਨੂੰ ਫੜ ਕੇ ਕੁਟਾਪਾ ਚਾੜ ਦਿੱਤਾ। ਬ੍ਰਿਜ ਲਾਲ ਨਾਮ ਦੇ ਸਖਸ਼ ਦੇ ਦੱਸਣ ਮੁਤਾਬਕ ਉਹ ਸਰਕਾਰੀ ਹਸਪਤਾਲ ਅੰਦਰ ਪਰਚੀ ਬਣਾਵਾਉਣ ਲਈ ਆਇਆ ਸੀ, ਜਿੱਥੇ ਇਕ ਨਸ਼ੇੜੀ ਕਿਸਮ ਦੇ ਨੌਜਵਾਨ ਨੇ ਉਸ ਦੀ ਜੇਬ ਵਿਚੋਂ 1500 ਰੁਪੇ ਚੋਰੀ ਕਰ ਲਏ ਤੇ ਮੌਕੇ ਤੋਂ ਭੱਜ ਗਿਆ। ਉਸ ਵੱਲੋਂ ਰੋਲਾ ਪਾਉਣ ਤੇ ਲੋਕਾਂ ਨੇ ਚੋਰ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ। ਲੋਕਾਂ ਨੇ ਚੋਰ ਤੋਂ ਪੈਸੇ ਵਾਪਸ ਕਰਵਾਉਣ ਬਾਅਦ ਉਸ ਦੀ ਛਿੱਤਰ ਪਰੇਡ ਵੀ ਕੀਤੀ। ਇਸ ਤੋਂ ਬਾਅਦ ਚੋਰ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ। ਪੁਲਿਸ ਨੇ ਆਪਣੇ ਤੌਰ ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਪੰਜਪੀਰ ਨਗਰ ਦਾ ਰਹਿਣ ਵਾਲਾ ਹੈ ਅਤੇ ਚਿੱਟੇ ਦਾ ਨਸ਼ਾ ਕਰਦਾ ਹੈ। ਉਸ ਨੇ ਮੰਨਿਆ ਕਿ ਨਸ਼ੇ ਦੀ ਲਤ ਕਾਰਨ ਹੀ ਉਸ ਨੇ ਮਰੀਜ਼ ਦੀ ਜੇਬ ਤੋਂ ਪੈਸੇ ਚੋਰੀ ਕੀਤੇ ਸਨ। ਬਾਅਦ ਵਿੱਚ ਲੋਕਾਂ ਨੇ ਉਸ ਤੋਂ 1500 ਰੁਪਏ ਬਰਾਮਦ ਕਰਕੇ ਮਰੀਜ਼ ਬ੍ਰਿਜ ਲਾਲ ਨੂੰ ਵਾਪਸ ਕਰ ਦਿੱਤੇ। ਘਟਨਾ ਤੋਂ ਬਾਅਦ ਕੁਝ ਸਮੇਂ ਲਈ ਹਸਪਤਾਲ ਪਰਿਸਰ ਵਿੱਚ ਹੰਗਾਮੇ ਵਾਲੀ ਸਥਿਤੀ ਬਣੀ ਰਹੀ। ਬਾਅਦ ਵਿੱਚ ਲੋਕਾਂ ਨੇ ਨੌਜਵਾਨ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ।

ਗੌਰਤਲਬ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਵੀ ਹਸਪਤਾਲ ਵਿੱਚ ਮਰੀਜ਼ਾਂ ਦੇ ਪੰਜ ਮੋਬਾਈਲ ਫੋਨ ਚੋਰੀ ਹੋ ਗਏ ਸਨ, ਪਰ ਹਾਲੇ ਤੱਕ ਉਹਨਾਂ ਚੋਰਾਂ ਬਾਰੇ ਕੋਈ ਸੁਰਾਗ ਨਹੀਂ ਲੱਗ ਸਕਿਆ। ਹਸਪਤਾਲ ਦੇ ਬਾਹਰ ਮੈਡੀਕਲ ਸਟੋਰ ਚਲਾਉਣ ਵਾਲੇ ਲੱਕੀ ਕਾਮਰੇਡ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਆਸਪਾਸ ਅਸਮਾਜਿਕ ਤੱਤਾਂ ਦਾ ਇਕੱਠ ਵਧਦਾ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਹਸਪਤਾਲ ਪਰਿਸਰ ਵਿੱਚ ਹਰ ਵੇਲੇ ਚੋਰ, ਜੇਬਕਤਰਿਆਂ ਅਤੇ ਨਸ਼ੇੜੀਆਂ ਦੀ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਰ ਅਤੇ ਅਸੁਰੱਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਤੱਕ ਕਿਸੇ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਜੇ ਮਰੀਜ਼ ਲਿਖਤੀ ਸ਼ਿਕਾਇਤ ਦਿੰਦਾ ਹੈ ਤਾਂ ਪੁਲਿਸ ਦੋਸ਼ੀ ਦੇ ਖਿਲਾਫ ਕਾਰਵਾਈ ਕਰੇਗੀ। ਹਾਲਾਂਕਿ ਸੋਸ਼ਲ ਮੀਡੀਆ ’ਤੇ ਘਟਨਾ ਦੀ ਖ਼ਬਰ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ।

LEAVE A REPLY

Please enter your comment!
Please enter your name here