ਫਰੀਦਕੋਟ ਪਹੁੰਚੀ ਕਿਸਾਨ ਜਾਗਰੂਕਤਾ ਯਾਤਰਾ/ ਕਿਸਾਨਾਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ/ ਡੱਲੇਵਾਲ 19 ਨੂੰ ਦਿੱਲੀ ’ਚ ਵੱਡੇ ਇਕੱਠ ਦਾ ਐਲਾਨ

0
2

ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਕਿਸਾਨ ਜਾਗਰੂਕਤਾ ਯਾਤਰਾ ਅੱਜ  ਫ਼ਰੀਦਕੋਟ ਵਿਖੇ ਪਹੁੰਚੇ ਜਿੱਥੇ ਇਕੱਤਰ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਯਾਤਰਾ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਦੱਸਿਆ ਕਿ ਇਹ ਯਾਤਰਾ ਵੱਖ ਵੱਖ ਪੜ੍ਹਾਵਾਂ ਤੋਂ ਹੁੰਦੀ ਹੋਈ 12 ਮਾਰਚ ਨੂੰ ਕਸ਼ਮੀਰ ਵਿਖੇ ਖਤਮ ਹੋਵੇਗੀ, ਜਿਸ ਦੇ ਅਗਲੇ ਪੜਾਅ ਵਜੋਂ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਵੱਡਾ ਇਕੱਠਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਕਿਸਾਨ ਜਾਗਰੂਕਤਾ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਅੱਗੇ ਜਾ ਕੇ 12 ਮਾਰਚ ਨੂੰ ਕਸ਼ਮੀਰ ਵਿਖੇ ਖਤਮ ਹੋਵੇਗੀ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਅੱਗੇ ਕਿਹਾ ਕਿ 12 ਮਾਰਚ ਨੂੰ ਕਸ਼ਮੀਰ ਵਿਖੇ ਸਮਾਪਤੀ ਤੋਂ ਬਾਅਦ ਅਗਲੇ ਪ੍ਰੋਗਰਾਮ ਤਹਿਤ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਉੱਤੇ ਸਮਰਥਨ ਮੁੱਲ ਨਾ ਦਿੱਤੇ ਜਾਣ ਦੇ ਰੋਸ ਵਜੋਂ ਅਤੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਇਹ ਯਾਤਰਾ ਕੱਢੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਜਾ ਸਕੇ । ਅਮਰੀਕਾ ਤੇ ਭਾਰਤ ਵਿੱਚ ਹੋਈ ਟਰੇਡ ਡੀਲ ਤੇ ਬੋਲਦਿਆਂ ਕਿਹਾ ਕਿ ਇਹ ਸਰਾਸਰ ਕਿਸਾਨਾਂ ਨਾਲ ਅਤੇ ਹੋਰ ਵਪਾਰੀ ਵਰਗ ਨਾਲ ਕੇਂਦਰ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਜਿਸ ਨਾਲ ਕਿਸਾਨੀ ਦਾ ਡੁੱਬੇਗੀ ਨਾਲ ਹੀ ਛੋਟੇ ਵਪਾਰਾਂ ਨੂੰ ਵੀ ਵੱਡਾ ਨੁਕਸਾਨ ਪੁਜੇਗਾ। ਉਹਨਾਂ ਕਿਹਾ ਕਿ ਕਿਸਾਨੀ ਕਰਜ਼ਿਆਂ ਦੇ ਕਾਰਨ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਆਤਮ ਹੱਤਿਆਵਾ ਕੀਤੀਆ ਜਾ ਰਹੀਆ ਹਨ ਕਿਉਂਕਿ ਅੱਜ ਖੇਤੀ ਲਾਹੇਵੰਦ ਧੰਦਾ ਨਹੀ ਰਿਹਾ।
ਸਰਕਾਰਾਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਖਤਮ ਹੁੰਦੀ ਜਾ ਰਹੀ ਹੈ ਜਿਸ ਨੂੰ ਬਚਾਉਣਾ ਬਹੁਤ ਜਰੂਰੀ ਹੈ। ਪੰਜਾਬ ਸਰਕਾਰ ਤੇ ਹੱਲਾ ਬੋਲਦਿਆਂ ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਇਹ ਬੀਜੇਪੀ ਦੀ ਬੀ ਟੀਮ ਹੈ ਕਿਉਂਕਿ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਧਰਨਿਆਂ ਤੋਂ ਪੰਜਾਬ ਸਰਕਾਰ ਨੂੰ ਕੋਈ ਤਕਲੀਫ ਨਹੀਂ ਸੀ ਪਰ ਫਿਰ ਵੀ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਜਬਰੀ ਉਹਨਾਂ ਦੇ ਧਰਨੇ ਚੁਕਵਾਏ ਗਏ ਜਿਸ ਤੋਂ ਸਾਫ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੇਂਦਰ ਦੀ ਬੀਜੇਪੀ ਦੀ ਸਰਕਾਰ ਨਾਲ ਰਲ ਕੇ ਕਿਸਾਨਾਂ ਵਿਰੁੱਧ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਹੈ।

LEAVE A REPLY

Please enter your comment!
Please enter your name here