ਮਾਨਸਾ ਐਸਐਸਪੀ ਦਫਤਰ ਅੱਗੇ ਸਿੱਧੂ ਦੇ ਮਾਪਿਆਂ ਦਾ ਧਰਨਾ/ ਕੰਪਨੀਆਂ ਨਾਲ ਧੋਖਾਧੜੀ ਦੇ ਮਾਮਲੇ ’ਚ ਮੰਗਿਆ ਇਨਸਾਫ

0
3

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਅੱਜ ਐਸਐਸਪੀ ਦਫਤਰ ਮਾਨਸਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ 8 ਜੂਨ 2025 ਨੂੰ ਡੀਜੀਪੀ ਦਫਤਰ ਕੋਲ ਸ਼ਿਕਾਇਤ ਦਿੱਤੀ ਸੀ, ਜਿਸ ਦੀ ਇਨਕੁਆਰੀ ਐਸਐਸਪੀ ਮਾਨਸਾ ਕੋਲ ਚੱਲ ਰਹੀ ਹੈ ਪਰ ਐਨਾ ਸਮਾਂ ਬੀਤਣ ਬਾਅਦ ਵੀ ਬਣਦੀ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਅੱਜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਸਾਡੀਆਂ ਦੋ ਕੰਪਨੀਆਂ ਨਾਲ ਸਬੰਧਤ ਵਿੱਤੀ ਧੋਖਾਧੜੀ ਲਈ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਇਸ ਮਾਮਲੇ ਵਿਚ ਬਣਦੀ ਕਾਰਵਾਈ ਨਹੀਂ ਹੋਈ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਇਹ ਧਰਨਾ ਦੇਣ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸ਼ਿਕਾਇਤ ਐੱਸ ਐੱਸ ਪੀ ਨੂੰ ਭੇਜੀ ਗਈ ਸੀ ਅਤੇ ਇੱਕ ਐੱਸਪੀ ਨੇ ਜਾਂਚ ਵੀ ਕੀਤੀ ਸੀ। ਫਾਈਲ ਹੁਣ ਐੱਸ.ਐੱਸ.ਪੀ. ਕੋਲ ਪਈ ਹੈ ਪਰ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਅਧਿਕਾਰੀ ਇੱਕ ਵਿਅਕਤੀ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਘੱਟੋ-ਘੱਟ ਬਾਕੀ ਦੋਵਾਂ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ ਹੈ। ਅਸੀਂ ਪੁਲਿਸ ਨੂੰ ਸਾਰੇ ਸਬੰਧਤ ਦਸਤਾਵੇਜ਼ ਦੇ ਦਿੱਤੇ ਹਨ। ਜੇ ਅਸੀਂ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਉਹ ਸਾਨੂੰ ਵੀ ਨਾਮਜ਼ਦ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਮਾਨਸਾ ਪੁਲਿਸ ਪੈਸਿਆਂ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ। ਸਾਡੇ ਕੋਲ ਪੁਲਿਸ ਨੂੰ ਦੇਣ ਲਈ ਪੈਸੇ ਨਹੀਂ ਹਨ। ਸਾਡਾ ਕਮਾਉਣ ਵਾਲਾ ਮੈਂਬਰ ਪਹਿਲਾਂ ਹੀ ਮਾਰਿਆ ਜਾ ਚੁੱਕਾ ਹੈ। ਅਸੀਂ ਬਜ਼ੁਰਗ ਹਾਂ ਅਤੇ ਦਵਾਈਆਂ ਖਾ ਕੇ ਪੁਲਿਸ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਅਸੀਂ ਹੁਣ ਡੀ ਆਈ ਜੀ ਨੂੰ ਆਪਣੇ ਦੁੱਖ ਤੋਂ ਜਾਣੂ ਕਰਵਾਉਣ ਆਏ ਹਾਂ।
ਖਬਰਾਂ ਮੁਤਾਬਕ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਐਸਐਸਪੀ ਦਫ਼ਤਰ ਬਾਹਰ ਲਗਾਇਆ ਧਰਨਾ ਸਮਾਪਤ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਇਹ ਧਰਨਾ ਡੀਆਈਜੀ ਵੱਲੋਂ ਦੋ ਦਿਨਾਂ ਅੰਦਰ ਕਾਰਵਾਈ ਕਰਨ ਦੇ ਭਰੋਸੇ ਬਾਅਦ ਚੁੱਕਿਆ ਗਿਆ ਹੈ।  ਦੱਸ ਦਈਏ ਕਿ ਬਲਕੌਰ ਸਿੰਘ ਅਤੇ ਚਰਨ ਕੌਰ ਵੱਲੋਂ ਵਨ ਡਿਜ਼ੀਟਲ ਕੰਪਨੀ ਤੇ ਗੀਤਕਾਰ ਬੰਟੀ ਬੈਂਸ ਖਿਲਾਫ ਕੇਸ ਕਰਨ ਦੀ ਮੰਗ ਕੀਤੀ ਗਈ ਸੀ। ਇਸੇ ਮੰਗ ਦੇ ਚੱਲਦੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਗਈ ਸੀ ਅਤੇ  ਪੁਖਤਾ ਕਾਰਵਾਈ ਨਾ ਹੋਣ ਦੇ ਚਲਦਿਆਂ ਐਸਐਸਪੀ ਦਫਤਰ ਅੱਗੇ ਧਰਨਾ ਲਾਇਆ ਗਿਆ ਸੀ।
ਮੂਸੇਵਾਲਾ ਦੇ ਮਾਪਿਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਛੇ ਮਹੀਨੇ ਪਹਿਲਾਂ ਵਨ ਡਿਜ਼ੀਟਲ ਕੰਪਨੀ ਅਤੇ ਇਸਦੇ ਮੈਨੇਜਰ ਬੰਟੀ ਬੈਂਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇੱਕ ਵਕੀਲ ਵੀ ਰੱਖਿਆ ਸੀ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਮਗਰੋਂ ਬੰਟੀ ਬੈਂਸ ਨੂੰ ਬਾਹਰ ਕੱਢ ਦਿੱਤਾ ਪਰ ਬਾਕੀਆਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਇੱਥੇ ਧਰਨਾ ਦੇਣਾ ਪਿਆ ਹੈ। ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਗੈਂਗਸਟਰਾਂ ਖਿਲਾਫ ਸਖਤੀ ਉਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪੁੱਤਰ ਦੇ ਕਤਲ ਦਾ ਕੋਈ ਇਨਸਾਫ ਨਹੀਂ ਮਿਲਿਆ ਅਤੇ ਹੁਣ ਉਹੀ ਵਤੀਰਾ ਇਸ ਮਾਮਲੇ ਵਿਚ ਅਪਨਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here