ਪੰਜਾਬ ਮੋਗਾ ਦੀ ਵਿਧਾਇਕ ਵੱਲੋਂ ਗਊਸ਼ਾਲਾ ਦੇ ਸ਼ੈੱਡ ਦਾ ਉਦਘਾਟਨ/ 49 ਲੱਖ 50 ਹਜ਼ਾਰ ’ਚ ਤਿਆਰ ਹੋਵੇਗਾ ਡਬਲ ਸਟੋਰੀ ਸ਼ੈੱਡ By admin - February 11, 2026 0 3 Facebook Twitter Pinterest WhatsApp ਮੋਗਾ ਨਗਰ ਨਿਗਮ ਦੇ ਅਧੀਨ ਚੱਲ ਰਹੀ ਗੋਬਿੰਦ ਗਊਸ਼ਾਲਾ ਵਿੱਚ ਗਊਆਂ ਦੀ ਸੰਭਾਲ ਅਤੇ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਕਰੀਬ ਇੱਕ ਏਕੜ ਜ਼ਮੀਨ ਵਿੱਚ 49 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਲੈਂਟਰ ਪਾ ਕੇ ਡਬਲ ਸਟੋਰੀ ਸੈਡ ਤਿਆਰ ਕੀਤਾ ਜਾਵੇਗਾ। ਇਸ ਨਿਰਮਾਣ ਕਾਰਜ ਦਾ ਉਦਘਾਟਨ ਅੱਜ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਕੀਤਾ ਗਿਆ। ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਮੋਗਾ ਵਿਧਾਇਕਾ ਅਤੇ ਮੇਅਰ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅੱਜ ਨਵੀਂ ਗਊਸ਼ਾਲਾ ਦੇ ਵਿਸਥਾਰ ਦਾ ਨੀਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗੋਬਿੰਦ ਗਊਸ਼ਾਲਾ ਦੀ ਪੁਰਾਣੀ ਜਗ੍ਹਾ ‘ਤੇ ਸੇਵਾਦਾਰਾਂ ਦੀ ਮੰਗ ‘ਤੇ ਇੱਕ ਹਾਲ ਬਣਾਇਆ ਗਿਆ ਸੀ, ਜਿਸਦਾ ਕੰਮ ਮੁਕੰਮਲ ਹੋ ਚੁੱਕਾ ਹੈ। ਪਰ ਥਾਂ ਦੀ ਕਮੀ ਕਾਰਨ ਨਵਾਂ ਸ਼ੈੱਡ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ‘ਤੇ ਗਊਸ਼ਾਲਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਉੱਥੇ ਪਹਿਲਾਂ ਕੂੜੇ ਦੇ ਡੰਪ ਲੱਗੇ ਹੋਏ ਸਨ, ਜਿਨ੍ਹਾਂ ਦੀ ਪੂਰੀ ਸਫਾਈ ਕਰਵਾ ਕੇ ਹੁਣ ਇਸਨੂੰ ਗਊ ਧਨ ਦੀ ਸੇਵਾ ਲਈ ਵਰਤਿਆ ਜਾ ਰਿਹਾ ਹੈ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦੁੱਧ ਦੇਣਾ ਬੰਦ ਕਰ ਚੁੱਕੀਆਂ ਗਾਵਾਂ ਅਤੇ ਅਵਾਰਾ ਗਊ ਧਨ ਵੱਡੀ ਗਿਣਤੀ ਵਿੱਚ ਸ਼ਹਿਰ ਵਿੱਚ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਧੁੰਦ ਦੇ ਮੌਸਮ ਵਿੱਚ ਅਜਿਹੇ ਹਾਦਸੇ ਜਾਨਲੇਵਾ ਸਾਬਤ ਹੁੰਦੇ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਗਊ ਧਨ ਨੂੰ ਸੜਕਾਂ ‘ਤੇ ਛੱਡਣ ਦੀ ਬਜਾਏ ਗਊਸ਼ਾਲਾ ਜਾਂ ਨਗਰ ਨਿਗਮ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਸੇਵਾਦਾਰ ਅਤੇ ਕਰਮਚਾਰੀ ਹਰ ਸੂਚਨਾ ‘ਤੇ ਅਵਾਰਾ ਗਊ ਧਨ ਨੂੰ ਲਿਆ ਕੇ ਉਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕਰਦੇ ਹਨ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਵੱਲੋਂ ਇੱਕ ਹੋਰ ਮਤਾ ਲਿਆ ਕੇ ਅਵਾਰਾ ਕੁੱਤਿਆਂ ਲਈ ਵੀ ਸ਼ੈਲਟਰ ਹੋਮ ਬਣਾਉਣ ਦੀ ਯੋਜਨਾ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। ਉਥੇ ਹੀ ਦੂਜੇ ਪਾਸੇ ਗਊਸ਼ਾਲਾ ਦੇ ਸੇਵਾਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਬਿੰਦ ਗਊਸ਼ਾਲਾ ਵਿੱਚ ਇਸ ਸਮੇਂ ਲਗਭਗ 700 ਗਊ ਧਨ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਜਗ੍ਹਾ ਘੱਟ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਲੈ ਕੇ ਸੇਵਾਦਾਰਾਂ ਵੱਲੋਂ ਮੇਅਰ ਅਤੇ ਵਿਧਾਇਕ ਕੋਲ ਮੰਗ ਰੱਖੀ ਗਈ ਸੀ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਤੇ ਸਰਕਾਰ ਦੇ ਸਹਿਯੋਗ ਨਾਲ ਗਊਸ਼ਾਲਾ ਨਾਲ ਲੱਗਦੀ ਖਾਲੀ ਜਗ੍ਹਾ ‘ਤੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਸ਼ੈਡ ਬਣਾਉਣ ਦੀ ਮਨਜ਼ੂਰੀ ਮਿਲੀ ਹੈ, ਜਿਸਦਾ ਅੱਜ ਨੀਹ ਪੱਥਰ ਰੱਖਿਆ ਗਿਆ। ਇਸ ਲਈ ਸਾਰੇ ਸੇਵਾਦਾਰਾਂ ਵੱਲੋਂ ਮੇਅਰ ਸਾਹਿਬ, ਵਿਧਾਇਕ ਸਾਹਿਬ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।