ਪੰਜਾਬ ਅੰਮ੍ਰਿਤਸਰ ’ਚ ਦੋ ਧਿਰਾਂ ਵਿਚਾਲੇ ਹਿੰਸਕ ਝੜਪ/ ਚੱਲੇ ਇੱਟਾਂ-ਰੋੜੇ, ਚੱਲੀ ਗੋਲੀ, ਕਈ ਜ਼ਖਮੀ/ ਪਤੰਗਬਾਜ਼ੀ ਬਣੀ ਵਜ੍ਹਾ, ਪੁਲਿਸ ਕਰ ਰਹੀ ਜਾਂਚ By admin - February 3, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਕੋਟ ਮਿੱਤ ਸਿੰਘ ਇਲਾਕੇ ਅੰਦਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਪਤੰਗਬਾਜ਼ੀ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਇੱਟਾਂ-ਰੋੜੇ ਚੱਲਣ ਤੇ ਗੋਲੀਆਂ ਚੱਲਣ ਦੀ ਖਬਰ ਹੈ। ਘਟਨਾ ਵਿਚ ਕਈ ਜਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੀੜਤ ਧਿਰ ਨੇ ਮੀਡੀਆ ਸਾਹਮਣੇ ਆ ਕੇ ਗੰਭੀਰ ਦੋਸ਼ ਲਾਉਂਦਿਆਂ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸੰਬੰਧਤ ਥਾਣਾ ਇੰਚਾਰਜ (ਐੱਸਐਚਓ) ਅਤੇ ਪੁਲਿਸ ਦੀਆਂ ਕਈ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਮੌਕੇ ਦੀ ਪ੍ਰਾਰੰਭਿਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਹਾਂ ਧਿਰਾਂ ਵਿਚਕਾਰ ਜ਼ੋਰਦਾਰ ਢੰਗ ਨਾਲ ਇੱਟਾਂ–ਪੱਥਰ ਚੱਲੇ, ਜਿਸ ਕਾਰਨ ਕੁਝ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਤਸਦੀਕ ਕੀਤੀ ਜਾ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਫਿਲਹਾਲ ਗੋਲੀ ਲੱਗਣ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ, ਹਾਲਾਂਕਿ ਪੁਲਿਸ ਟੀਮਾਂ ਵੱਲੋਂ ਹਸਪਤਾਲ ਜਾ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਨਹੀਂ ਹੈ, ਸਗੋਂ ਹਾਲ ਹੀ ਵਿੱਚ ਹੋਈ ਪਤੰਗਬਾਜ਼ੀ ਦੀ ਤਕਰਾਰ ਤੋਂ ਸ਼ੁਰੂ ਹੋਇਆ ਝਗੜਾ ਹੈ, ਜੋ ਅੱਜ ਉੱਗਰ ਰੂਪ ਵਿੱਚ ਸਾਹਮਣੇ ਆਇਆ। ਦੋਹਾਂ ਧਿਰਾਂ ਦੇ ਘਰ ਵੱਖ-ਵੱਖ ਗਲੀਆਂ ਵਿੱਚ ਸਥਿਤ ਹਨ ਅਤੇ ਜਿਸ ਥਾਂ ਝਗੜਾ ਹੋਇਆ, ਉਥੋਂ ਇੱਕ ਧਿਰ ਦਾ ਘਰ ਕੁਝ ਦੂਰੀ ’ਤੇ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦੋ ਜਣਿਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ, ਜੋ ਇੱਟਾਂ ਲੱਗਣ ਕਾਰਨ ਹੋਈਆਂ ਹਨ। ਪੁਲਿਸ ਵੱਲੋਂ ਐਫਆਈਆਰ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾ ਰਹੀ ਹੈ। ਉੱਥੇ ਹੀ ਪੀੜਤ ਧਿਰ ਵੱਲੋਂ ਲਖਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਤਿੰਨ–ਚਾਰ ਦਿਨ ਪਹਿਲਾਂ ਵੀ ਇਸੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਉਸ ਸਮੇਂ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਮੁੜ ਉਨ੍ਹਾਂ ਦੇ ਭਤੀਜੇ ’ਤੇ ਹਮਲਾ ਕੀਤਾ ਗਿਆ, ਇੱਟਾਂ ਮਾਰੀ ਗਈਆਂ ਅਤੇ ਕਥਿਤ ਤੌਰ ’ਤੇ ਇੱਕ ਗੋਲੀ ਵੀ ਚੱਲੀ। ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਇੱਕ ਹੋਰ ਸਥਾਨਕ ਨੌਜਵਾਨ ਸਾਹਿਲ ਨੇ ਵੀ ਦੋਸ਼ ਲਗਾਇਆ ਕਿ ਉਸਦੇ ਭਰਾ ਨੂੰ ਘੇਰ ਕੇ ਕੁੱਟਿਆ ਗਿਆ, ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪੱਖਾਂ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।