ਪੰਜਾਬ ਜੱਟ ਤੇ ਦਲਿਤ ਸਿੱਖ ਟਿੱਪਣੀਆਂ ਬਾਰੇ ਚੰਨੀ ਦਾ ਵੱਡਾ ਬਿਆਨ/ ਟਿੱਪਣੀਆਂ ਤੋਂ ਕੀਤਾ ਇਨਕਾਰ/ ਸਾਰੇ ਧਰਮਾਂ ਦੇ ਬਰਾਬਰ ਸਤਿਕਾਰ ਕੀਤਾ ਦਾਅਵਾ By admin - January 19, 2026 0 8 Facebook Twitter Pinterest WhatsApp ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਜੱਟ ਸਿੱਖ ਤੇ ਦਲਿਤ ਸਿੱਖ ਸਬੰਧੀ ਵਾਲੇ ਆਪਣੇ ਬਿਆਨ ਤੋਂ ਇਨਕਾਰ ਕੀਤਾ ਹੈ। ਰੋਪੜ ਵਿਖੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਖਿਲਾਫ ਕੁੱਝ ਨਹੀਂ ਬੋਲਿਆ ਅਤੇ ਮੇਰੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਉਹ ਗੁਰੂ ਸਾਹਿਬਾਨ ਦੇ ਫ਼ਲਸਫ਼ੇ “ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ” ’ਤੇ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਨੇ ਕਿਸੇ ਵੀ ਮੀਟਿੰਗ ਜਾਂ ਮੰਚ ਤੋਂ ਕਿਸੇ ਜਾਤ ਜਾਂ ਬਿਰਾਦਰੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸਾਂਸਦ ਚੰਨੀ ਨੇ ਅੱਗੇ ਕਿਹਾ ਕਿ ਉਹ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਪੁੱਤਰ ਹਨ ਅਤੇ ਕਿਸੇ ਵੀ ਵਰਗ ਜਾਂ ਜਾਤ ਦੇ ਖ਼ਿਲਾਫ਼ ਬੋਲਣਾ ਉਨ੍ਹਾਂ ਦੀ ਸੋਚ ਅਤੇ ਸੰਸਕਾਰਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਗੱਲਾਂ ਗਲਤ ਤੇ ਨਿਰਮੂਲ ਹਨ ਜਦਕਿ ਉਨ੍ਹਾਂ ਨੇ ਅਜਿਹਾ ਕਦੇ ਵੀ ਨਹੀਂ ਬੋਲਿਆ। ਉਨ੍ਹਾਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ, ਜਿਨ੍ਹਾਂ ’ਤੇ ਰਹਿੰਦਿਆਂ ਉਨ੍ਹਾਂ ਨੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਅਤੇ ਮੈਂਬਰ ਪਾਰਲੀਮੈਂਟ ਦੇ ਤੌਰ ’ਤੇ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਪੰਜਾਬ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਪੂਰੀ ਤਾਕਤ ਨਾਲ ਰੱਖੀ। ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਰੋਸ ਨੂੰ ਵੀ ਭੁਗਤਿਆ, ਪਰ ਕਿਸੇ ਵੀ ਕਿਸਾਨ ’ਤੇ ਕਾਰਵਾਈ ਨਹੀਂ ਹੋਣ ਦਿੱਤੀ। ਚੰਨੀ ਨੇ ਕਿਹਾ ਕਿ ਪੰਜਾਬ ਇੱਕ ਗੁਲਦਸਤਾ ਹੈ ਅਤੇ ਜਦੋਂ ਤੱਕ ਸਾਰੇ ਵਰਗਾਂ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ, ਤਦ ਤੱਕ ਨਾ ਪਾਰਟੀ ਮਜ਼ਬੂਤ ਹੁੰਦੀ ਹੈ ਅਤੇ ਨਾ ਹੀ ਸਰਕਾਰ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਗੇ ਲਿਜਾਣ ਲਈ ਸਮੂਹ ਪੰਜਾਬੀਆਂ ਨੂੰ ਇਕਜੁਟ ਹੋ ਕੇ ਅੱਗੇ ਵਧਣਾ ਹੋਵੇਗਾ।