ਮੋਗਾ ਵਿਖੇ ਹੋਇਆ ਫਾਇਰਮੈਨ ਗਗਨਦੀਪ ਸਿੰਘ ਦਾ ਅੰਤਮ ਸਸਕਾਰ/ ਕਣਕ ਨੂੰ ਲੱਗੀ ਅੱਗ ਬੁਝਾਉਣ ਦੌਰਾਨ ਝੁਲਸਿਆ ਸੀ ਗਗਨਦੀਪ/ ਲੁਧਿਆਣਾ ਦੇ ਹਸਪਤਾਲ ’ਚ ਇਲਾਜ ਤੋੜਿਆ ਸੀ ਦਮ

0
6

ਕਣਕ ਨੂੰ ਲੱਗੀ ਅੱਗ ਬੁਝਾਉਣ ਦੌਰਾਨ ਝੁਲਸੇ ਗਗਨਦੀਪ ਸਿੰਘ ਦੀ ਬੀਤੇ ਦਿਨ ਲੁਧਿਆਣਾ ਦੇ ਹਸਪਤਾਲ ਵਿਚ ਮੌਤ ਹੋ ਗਈ ਸੀ। ਗਗਨਦੀਪ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਖੋਟੇ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ ਐ। ਗਗਨਦੀਪ ਨੂੰ ਅੰਤਮ ਵਿਦਾਈ ਦੇਣ ਲਈ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ। ਉਧਰ ਘਟਨਾ ਤੋਂ ਬਾਅਦ ਇਲਾਕੇ ਭਰ ਅੰਦਰ ਸੋਗ ਦੀ ਲਹਿਰ ਐ।  ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਦਾ ਕਰੀਬ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸਥਾਨਕ ਨਗਰ ਨਿਗਮ ਦੀ ਫ਼ਾਇਰ ਬ੍ਰਿਗੇਡ ’ਚ 2 ਸਾਲ ਤੋਂ ਠੇਕਾ ਆਧਾਰਿਤ ਕਾਮੇ ਵਜੋਂ ਕੰਮ ਕਰ ਰਿਹਾ ਸੀ। ਗਗਨਦੀਪ ਨੂੰ ਅੰਤਮ ਵਿਦਾਈ ਦੇਣ ਪਹੁੰਚੇ ਲੋਕਾਂ ਨੇ ਸਰਕਾਰ ਤੋਂ ਮ੍ਰਿਤਕ ਦੀ ਸ਼ਹੀਦ ਦਾ ਦਰਜਾ ਦੇਣ ਅਤੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਤੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਐ।  ਦੱਸਣਯੋਗ ਐ ਕਿ 23 ਅਪਰੈਲ ਨੂੰ ਮੋਗਾ ਦਾ ਫਾਇਰ ਕਰਮਚਾਰੀ ਗਗਨਦੀਪ ਸਿੰਘ ਆਪਣੀ ਟੀਮ ਨਾਲ ਮੋਗਾ ਦੇ ਪਿੰਡ ਮਹਿਮਵਾਲਾ ਵਿਖੇ ਖੇਤਾਂ ਵਿਚੋਂ ਕਣਕ ਦੀ ਫਸਲ ਨੂੰ ਲੱਗੀ ਅੱਗ ਬੁਝਾ ਰਿਹਾ ਸੀ ਕਿ ਅਚਾਨਕ ਅੱਗ ਦੀ ਲਪੇਟ ਵਿਚ ਆਉਣ ਕਾਰਨ ਝੁਲਸ ਗਿਆ ਸੀ।  ਉਸ ਨੂੰ  ਗੰਭੀਰ ਹਾਲਤ ਵਿਚ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਖਬਰਾਂ ਮੁਤਾਬਕ ਰੈਡ ਕਰਾਸ ਅਤੇ ਨਿਗਮ ਕਰਮਚਾਰੀਆਂ ਨੇ ਮਿਲ ਕੇ ਗਗਨਦੀਪ ਦੇ ਇਲਾਜ ਦੇ 9 ਲੱਖ 48 ਹਜ਼ਾਰ ਰੁਪਏ ਖਰਚ ਕੀਤੇ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਗਗਨਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਗੁਜਾਰਾ ਗਗਨਦੀਪ ਸਿੰਘ ਦੇ ਸਿਰ ਤੇ ਹੀ ਚੱਲਦਾ ਸੀ। ਉਨ੍ਹਾਂ ਸਰਕਾਰ ਤੋਂ ਮਦਦ ਦਾ ਭਰੋਸਾ ਪ੍ਰਗਟਾਇਆ ਐ। ਉਧਰ ਆਮ ਲੋਕਾਂ ਨੇ  ਵੀ ਸਰਕਾਰ ਤੋਂ ਪੀੜਤ ਪਰਿਵਾਰ ਦੀ ਬਣਦੀ ਮਦਦ ਦੀ ਅਪੀਲ ਕੀਤੀ ਐ।

LEAVE A REPLY

Please enter your comment!
Please enter your name here