ਫਰੀਦਕੋਟ ਪੁਲਿਸ ਨੂੰ ਹਾਈਟੈੱਕ ਕਰਨ ਦਾ ਅਮਲ ਸ਼ੁਰੂ/ ਥਾਣਿਆਂ ਤੇ ਦਫਤਰਾਂ ਨੂੰ ਲੈਪਟਾਪ ਤੇ ਕੰਪਿਊਟਰਾਂ ਦੀ ਵੰਡ

0
8

ਫਰੀਦਕੋਟ ਪੁਲਿਸ ਨੇ ਜ਼ਿਲ੍ਹੇ ਦੇ ਥਾਣਿਆਂ ਤੇ ਡੀਐਸਪੀ ਦਫਤਰਾਂ ਨੂੰ ਹਾਈਟੈਕ ਬਣਾਉਣ ਦੀ ਮੁਹਿੰਮ ਵਿੱਢੀ ਗਈ ਐ। ਇਸ ਦੇ ਤਹਿਤ ਅੱਜ ਐਸ.ਐਸ.ਪੀ ਫਰੀਦਕੋਟ ਵੱਲੋ ਜਿਲ੍ਹੇ ਦੇ ਸਮੂਹ ਥਾਣਿਆ ਅਤੇ ਡੀ.ਐਸ.ਪੀ ਦਫਤਰਾ ਨੂੰ ਨਵੇਂ ਲੈਪਟਾਪ ਅਤੇ ਕੰਪਿਊਟਰਾਂ ਦੀ ਵੰਡ ਕੀਤੀ ਗਈ। ਇਹ ਵੰਡ ਡੀ.ਜੀ.ਪੀ ਪੰਜਾਬ ਵੱਲੋਂ ਪੁਲਿਸ ਢਾਂਚੇ ਨੂੰ ਆਧੁਨਿਕ ਬਣਾਉਣ ਦੀਆਂ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਐ।
ਦੱਸਣਯੋਗ ਐ ਕਿ ਫਰੀਦਕੋਟ ਦੇ ਐਸਐਸਪੀ ਡਾ. ਪ੍ਰਗਿਆ ਜੈਨ ਨੂੰ ਨਵੀਆ ਪੈੜਾ ਪਾਉਣ ਵਾਲੇ ਅਫਸਰ ਵਜੋ ਜਾਣਿਆ ਜਾਦਾ ਹੈ, ਜਿਹਨਾ ਵੱਲੋਂ ਸਾਲ-2025 ਦੀ ਸ਼ੁਰੂਆਤ ਫਰੀਦਕੋਟ ਜਿਲ੍ਹੇ ਦੇ ਸਾਰੇ ਥਾਣੇ ਅਤੇ ਚੌਕੀਆ ਦੀ ਨੁਕਾਰ ਬਦਲ ਕੇ ਕੀਤੀ ਗਈ ਸੀ, ਇਸ ਪਹਿਲ ਦੇ ਤਹਿਤ ਥਾਣਿਆਂ ਵਿੱਚ ਸੁਚੱਜਾ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਲਿਆਉਣ ਲਈ ਬਹੁਤ ਮਦਦ ਮਿਲੀ ਸੀ, ਜਿਸ ਨਾਲ ਜਨਤਾ ਨੂੰ ਪੁਲਿਸ ਨਾਲ ਸੰਪਰਕ ਅਤੇ ਸੇਵਾਵਾਂ ਹਾਸਲ ਕਰਨ ਵਿੱਚ ਆਸਾਨੀ ਹੋਈ।
ਸਾਲ 2026 ਦੀ ਸ਼ੁਰੂਆਤ ਵਿੱਚ, ਉਹਨਾ ਵੱਲੋਂ ਇੱਕ ਹੋਰ ਪਹਿਲ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਹੋਰ ਆਧੁਨਿਕ, ਤਕਨੀਕੀ ਅਤੇ ਡਿਜੀਟਲ ਬਣਾਉਣ ਦੇ ਮਜ਼ਬੂਤ ਇਰਾਦੇ ਨਾਲ ਸਾਰੇ ਥਾਣਿਆ ਅਤੇ ਦਫਤਰਾ ਨੂੰ ਵੱਡੀ ਗਿਣਤੀ ਵਿੱਚ ਆਧੁਨਿਕ ਤਕਨੀਕੀ ਸਾਜੋ-ਸਮਾਨ ਦੀ ਵੰਡ ਕੀਤੀ ਗਈ।
ਇਸ ਦੌਰਾਨ, ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਨੂੰ 07 ਲੈਪਟਾਪ, 24 ਐਲ.ਈ.ਡੀ. ਮੋਨੀਟਰ (27 ਇੰਚ), 24 ਸੀ.ਪੀ.ਯੂ (32 ਜੀ.ਬੀ), 24 ਯੂ.ਪੀ.ਐਸ ਅਤੇ 35 ਫਿੰਗਰ ਪ੍ਰਿੰਟ ਸਕੈਨਰ ਮੁਹੱਈਆ ਕਰਵਾਏ ਗਏ। ਇਹ ਉਪਕਰਨ ਸਿਰਫ ਤਕਨੀਕੀ ਸਮਰੱਥਾ ਵਧਾਉਣ ਲਈ ਨਹੀਂ ਹਨ, ਸਗੋਂ ਇਹ ਥਾਣਿਆਂ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਦੀ ਗਤੀ ਤੇ ਕਾਰਗੁਜ਼ਾਰੀ ਹੋਰ ਸੁਚੱਜੀ ਬਣਾਉਣ ਵਿੱਚ ਸਹਾਇਕ ਹਨ। ਇਸ ਨਾਲ ਥਾਣਿਆਂ ਦੇ ਦਫ਼ਤਰਾਂ ਵਿੱਚ ਹਰ ਦਫ਼ਤਰਕਾਰੀ ਕਾਰਜ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਨਵੀਂ ਡਿਜੀਟਲ ਪ੍ਰਣਾਲੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ 18 ਐਮ.ਐਫ.ਪੀ ਪ੍ਰਿੰਟਰ, 14 ਮੋਬਾਇਲ ਫੋਨ, 08 ਕਿਊ.ਆਰ. ਬਾਰਕੋਡ ਰੀਡਰ, 08 ਫੈਡ ਸਲੈਪ ਸਕੈਨਰ, 08 ਬਾਰਕੋਡ ਪ੍ਰਿੰਟਰ, 07 ਇੰਨਵਰਟਰ ਸੈੱਟ ਵੀ ਮੁਹੱਈਆ ਕਰਵਾਏ ਗਏ ਹਨ।
ਇਸ ਸਬੰਧੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ ਗੌਰਵ ਯਾਦਵ ਵੱਲੋ ਸੂਬੇ ਭਰ ਦੇ ਪੁਲਿਸ ਢਾਂਚੇ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ, ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਂਦਿਆਂ ਅਤੇ ਜਨ ਸੇਵਾ ਨੂੰ ਪਹਿਲ ਦੇਣ ਸਬੰਧੀ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਆਈਜੀ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਅੱਜ ਜ਼ਮੀਨੀ ਪੱਧਰ ‘ਤੇ ਥਾਣਿਆਂ ਅਤੇ ਦਫ਼ਤਰਾਂ ਵਿੱਚ ਅਧੁਨਿਕ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਹਨਾ ਕਿਹਾ ਕਿ ਇਸ ਨਾਲ ਥਾਣਿਆਂ ਅਤੇ ਦਫ਼ਤਰਾਂ ਵਿੱਚ ਆਧੁਨਿਕ ਸਾਜੋ-ਸਮਾਨ ਉਪਲਬਧ ਕਰਵਾਉਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਹੋਰ ਪ੍ਰਭਾਵਸ਼ਾਲੀ ਹੋਵੇਗੀ ਅਤੇ ਜਨਤਾ ਨੂੰ ਤੇਜ਼, ਪਾਰਦਰਸ਼ੀ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਡਿਜੀਟਲ ਸਹੂਲਤਾਂ ਨਾਲ ਅਪਰਾਧਾਂ ਦੀ ਜਾਂਚ, ਡਾਟਾ ਪ੍ਰਬੰਧਨ ਅਤੇ ਸੇਵਾ ਡਿਲਿਵਰੀ ਦੀ ਗਤੀ ਵਿੱਚ ਤੇਜੀ ਆਵੇਗੀ, ਜਿਸ ਨਾਲ ਸਮਾਂ ਅਤੇ ਸਰੋਤਾਂ ਦੋਹਾਂ ਦੀ ਬਚਤ ਹੋਵੇਗੀ।

LEAVE A REPLY

Please enter your comment!
Please enter your name here