ਪੰਜਾਬ ਸੁਖਬੀਰ ਬਾਦਲ ਮਨਰੇਗਾ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ/ ਗਰੀਬਾਂ ਦੇ ਹੱਕ ਮਾਰਨ ਦੇ ਲਾਏ ਇਲਜ਼ਾਮ By admin - December 22, 2025 0 15 Facebook Twitter Pinterest WhatsApp ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵਿਰੋਧੀ ਧਿਰਾਂ ਨੂੰ ਘੇਰਿਆ ਐ। ਕੇਂਦਰ ਵੱਲੋਂ ਮਨਰੇਗਾ ਨਾਲ ਛੇੜਛਾੜ ਦੇ ਫੈਸਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗਰੀਬਾਂ ਦੀ ਭਲਾਈ ਲਈ ਕੇਂਦਰ ਦੀ ਸਕੀਮ ਸੀ ਜਿਸ ਨੂੰ ਕੇਂਦਰ ਸਰਕਾਰ ਖਤਮ ਕਰਨ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਭਲਾਈ ਸਕੀਮਾਂ ਦੀ ਜਨਮਦਾਤੀ ਸ਼੍ਰੋਮਣੀ ਅਕਾਲੀ ਦਲ ਐ, ਇਸ ਲਈ ਉਹ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਸੱਤਾਂ ਵਿਚ ਆਉਣ ਤੇ ਲੋਕਾਂ ਨੂੰ ਸਕੀਮ ਦਾ ਲਾਭ ਦੇ ਦੇਵਾਂਗੇ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਕੁੱਝ ਨਹੀਂ ਦੇਣਾ। ਉਨ੍ਹਾਂ ਭਲਾਈ ਸਕੀਮਾਂ ਵਿਚ ਘਪਲੇਬਾਜ਼ੀਆਂ ਦੇ ਇਲਜ਼ਾਮ ਵੀ ਲਾਏ। ਅਕਾਲ ਦਲ ਪ੍ਰਧਾਨ ਸੁਖਬੀਰ ਬਾਦਲ ਅੱਜ ਇੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹੋਏ ਸਨ। ਦਰਬਾਰ ਸਾਹਿਬ ਵਿਖੇ ਨਸਮਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਨਰੇਗਾ ਸਕੀਮ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀਆਂ ਤਾਜ਼ਾ ਤਬਦੀਲੀਆਂ ਦੇਸ਼ ਦੇ ਗਰੀਬ ਵਰਗ ਲਈ ਘਾਤਕ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਨਰੇਗਾ ਇੱਕ 100 ਫ਼ੀਸਦੀ ਕੇਂਦਰੀ ਸਕੀਮ ਸੀ, ਜਿਸ ਤਹਿਤ ਗਰੀਬ ਪਰਿਵਾਰਾਂ ਨੂੰ 100 ਦਿਨਾਂ ਦੇ ਰੋਜ਼ਗਾਰ ਦੀ ਗਰੰਟੀ ਮਿਲਦੀ ਸੀ, ਪਰ ਹੁਣ ਇਸਨੂੰ 60/40 ਦੇ ਹਿੱਸੇ ਵਿੱਚ ਵੰਡ ਕੇ ਸੂਬਿਆਂ ਉੱਤੇ ਵਿੱਤੀ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਰਗਾ ਕਰਜ਼ੇ ਵਿੱਚ ਡੁੱਬਿਆ ਸੂਬਾ ਆਪਣਾ 40 ਫ਼ੀਸਦੀ ਹਿੱਸਾ ਨਹੀਂ ਦੇ ਸਕੇਗਾ, ਜਿਸ ਦਾ ਸਿੱਧਾ ਨੁਕਸਾਨ ਮਜ਼ਦੂਰਾਂ ਨੂੰ ਹੋਵੇਗਾ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੇਂਦਰੀ ਸਕੀਮਾਂ ਲਈ ਆਪਣਾ ਯੋਗਦਾਨ ਨਾ ਦੇਣ ਕਾਰਨ ਪੰਜਾਬ ਪਹਿਲਾਂ ਹੀ ਕਈ ਯੋਜਨਾਵਾਂ ਤੋਂ ਵਾਂਝਾ ਰਹਿ ਗਿਆ ਹੈ ਅਤੇ ਹੁਣ ਨਰੇਗਾ ਵੀ ਖਤਰੇ ਵਿੱਚ ਹੈ। ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਨਰੇਗਾ ਵਿੱਚ ਕੀਤੀਆਂ ਤਬਦੀਲੀਆਂ ਤੁਰੰਤ ਵਾਪਸ ਲਈਆਂ ਜਾਣ ਅਤੇ ਪੁਰਾਣਾ ਸਿਸਟਮ ਬਹਾਲ ਕੀਤਾ ਜਾਵੇ। ਨਾਲ ਹੀ ਉਨ੍ਹਾਂ ਸਾਰੀਆਂ ਪੰਜਾਬੀ ਰਾਜਨੀਤਕ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਫੈਸਲੇ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਸੁਖਬੀਰ ਬਾਦਲ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਉੱਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਤਕਰੀਬਨ 1100 ਉਮੀਦਵਾਰਾਂ ਦੇ ਕਾਗਜ਼ ਜਾਣਬੁੱਝ ਕੇ ਰੱਦ ਕੀਤੇ ਗਏ। ਬਾਦਲ ਮੁਤਾਬਕ ਕਈ ਹਲਕਿਆਂ ਵਿੱਚ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਤਾਂ ਜੋ ਸਰਕਾਰ ਨੂੰ ਬਿਨਾਂ ਮੁਕਾਬਲੇ ਜਿੱਤ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਲੋਕਤੰਤਰ ‘ਤੇ ਭਰੋਸਾ ਨਹੀਂ ਸੀ ਤਾਂ ਚੋਣਾਂ ਕਰਵਾਉਣ ਦੀ ਲੋੜ ਹੀ ਨਹੀਂ ਸੀ। ਇਹ ਸਾਰੀ ਪ੍ਰਕਿਰਿਆ ਲੋਕਤੰਤਰ ਦਾ ਕਤਲ ਹੈ। ਪੰਜਾਬ ਦੀ ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਗੁੰਡਾਗਰਦੀ, ਗੈਂਗਸਟਰ ਰਾਜ, ਲੁੱਟਾਂ ਅਤੇ ਨਸ਼ੇ ਦਾ ਜਾਲ ਫੈਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਿਆਸੀ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ ਅਤੇ ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤ ਮਿਲੀ ਹੋਈ ਹੈ। ਆਖਿਰ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਗਰੀਬ, ਮਜ਼ਦੂਰ ਅਤੇ ਕਿਸਾਨ ਦੇ ਨਾਲ ਖੜਾ ਹੈ ਅਤੇ ਪਾਰਟੀ ਦਾ ਮਕਸਦ ਸੱਤਾ ਹਾਸਲ ਕਰਨਾ ਨਹੀਂ, ਸਗੋਂ ਪੰਜਾਬ ਨੂੰ ਬਚਾਉਣਾ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾਵੇ।