ਪੰਜਾਬ ਫਰੀਦਕੋਟ ਤੇ ਜੈਤੋ ਦੇ ਵਿਧਾਇਕਾਂ ਵੱਲੋਂ ਜੇਲ੍ਹ ਦਾ ਦੌਰਾ/ ਕੈਦੀਆਂ ਤੇ ਹਵਾਲਾਤੀਆਂ ਦੀਆਂ ਸੁਣੀਆਂ ਮੁਸ਼ਕਲਾਂ By admin - December 21, 2025 0 14 Facebook Twitter Pinterest WhatsApp ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਵੱਲੋਂ ਅੱਜ ਫਰੀਦਕੋਟ ਦੀ ਮਾਡਰਨ ਜੇਲ੍ਹ ਦਾ ਦੌਰਾ ਕੀਤਾ। ਦੋਵੇਂ ਵਿਧਾਇਕਾਂ ਨੇ ਜੇਲ੍ਹ ਅੰਦਰ ਬੰਦ ਕੈਦੀਆਂ ਤੇ ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਜੇਲ੍ਹ ਅੰਦਰ ਸਾਰੇ ਪ੍ਰਬੰਧ ਤਸੱਲੀਬਖਸ਼ ਹਨ ਅਤੇ ਜੇਕਰ ਲੋੜ ਪਈ ਤਾਂ ਜੇਲ੍ਹ ਅੰਦਰ ਜੈਮਰ ਵੀ ਲਗਾਏ ਜਾਣਗੇ। ਇਸੇ ਤਰ੍ਹਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕੈਦੀਆਂ ਦੀਆਂ ਪੈਰਵਾਈ ਨਾ ਹੋਣ ਵਰਗੀਆਂ ਸਮੱਸਿਆਵਾਂ ਦਾ ਪਤਾ ਚੱਲਿਆ ਐ, ਜਿਨ੍ਹਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਣਗੇ। ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਜੇਲ੍ਹਾਂ ਵਿਚ ਬੰਦ ਕਥਿਤ ਅਪਰਾਧੀਆਂ ਨੂੰ ਚੰਗੇ ਨਾਗਰਿਕ ਬਣਾਉਣ ਅਤੇ ਉਹਨਾਂ ਦੇ ਸੁਧਾਰ ਲਈ ਜਿਲ੍ਹਾ ਪੱਧਰ ਤੇ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਹਨ ਜਿਸ ਤਹਿਤ ਫਰੀਦਕੋਟ ਤੇ ਜੈਤੋ ਦੇ ਵਿਧਾਇਕ ਵੀ ਇਹਨਾਂ ਕਮੇਟੀਆਂ ਦਾ ਹਿੱਸਾ ਬਣੇ ਹਨ। ਇਹ ਨਿਗਰਾਨ ਕਮੇਟੀਆਂ ਹਰ ਚਾਰ ਮਹੀਨੇ ਵਿਚ ਇਕ ਵਾਰ ਜੇਲ੍ਹ ਦਾ ਦੌਰਾ ਕਰਿਆ ਕਰਨਗੇ ਅਤੇ ਜੇਲ੍ਹਾਂ ਵਿਚ ਬੰਦ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਦੇ ਯਤਨ ਕਰਿਆ ਕਰਨਗੇ। ਇਸੇ ਹੀ ਲੜੀ ਤਹਿਤ ਅੱਜ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਅਤੇ ਹਲਕਾ ਵਿਧਾਇਕ ਫਰੀਦਕੋਟ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਮਾਨਯੋਗ ਜੱਜ ਸਾਹਿਬਾਨਾਂ ਸਮੇਤ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦਾ ਨਿਰੀਖਣ ਕੀਤਾ ਗਿਆ। MLA ਸਾਹਿਬਾਨ ਅਤੇ ਮਾਨਯੋਗ ਜੱਜ ਸਾਹਿਬਾਨ ਵਲੋਂ ਜੇਲ੍ਹ ਵਿਚ ਬੰਦ ਲੋਕਾਂ ਦਾ ਹਾਲ ਜਾਣਿਆ ਗਿਆ ਅਤੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਉਹਨਾਂ ਵਲੋਂ ਮਾਨਯੋਗ ਜੱਜ ਸਾਹਿਬਾਨ ਨਾਲ ਆ ਕੇ ਜੇਲ੍ਹ ਅੰਦਰ ਬੰਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਦੁਖ ਤਕਲੀਫ਼ਾਂ ਸੁਣੀਆਂ ਗਈਆਂ। ਉੰਨਾ ਕਿਹਾ ਕਿ ਜੇਲ੍ਹ ਵਿਚ ਬੰਦ ਕੁਝ ਲੋਕਾਂ ਦੀਆਂ ਸਮੱਸਿਆਵਾਂ ਹਨ ਕਿ ਕਿਸੇ ਦੀ ਕੋਈ ਪੈਰਵਾਈ ਨਹੀਂ ਕਰ ਰਿਹਾ, ਕਿਸੇ ਦੇ ਪਰਿਵਾਰ ਵਾਲੇ ਮਿਲਣ ਨਹੀਂ ਆ ਰਹੇ ਜਾਂ ਕਿਸੇ ਦੀ ਜ਼ਮਾਨਤ ਮਨਜੂਰ ਹੋ ਚੁਕੀ ਹੈ ਪਰ ਜਮਾਨਤ ਦੇਣ ਵਾਲਾ ਨਹੀਂ ਮਿਲ ਰਿਹਾ ਅਜਿਹੀਆਂ ਛੋਟੀਆਂ ਮੋਟੀਆਂ ਸਮਸਿਆਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਦਾ ਕਾਨੂੰਨ ਮੁਤਾਬਿਕ ਹੱਲ ਕੱਢਣ ਦੀ ਕੋਸ਼ਿਸ ਕੀਤੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਨੇ ਕਿਹਾ ਕਿ ਜੇਲ੍ਹ ਅੰਦਰ ਕੈਦੀਆਂ ਲਈ ਚੰਗੇ ਪ੍ਰਬੰਧ ਹਨ। ਉਹਨਾਂ ਕਿਹਾ ਕਿ ਜੇਲ੍ਹ ਅੰਦਰ ਬੰਦ ਕੁਝ ਪੜ੍ਹੇ ਲਿਖੇ ਕੈਦੀਆਂ ਨੇ ਦਸਿਆ ਹੈ ਕਿ ਜਦੋਂ ਕਿਸੇ ਨੌਜਵਾਨ ਨੂੰ ਜੇਲ੍ਹ ਹੋ ਜਾਂਦੀ ਹੈ ਤਾਂ ਉਹ ਬਾਅਦ ਵਿਚ ਸਰਕਾਰੀ ਨੌਕਰੀ ਤੇ ਨਹੀਂ ਲੱਗ ਸਕਦਾ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੇ ਮੰਗ ਕੀਤੀ ਹੈ ਕਿ ਕੋਈ ਨਾ ਕੋਈ ਸ਼ਰਤ ਲਗਾ ਕੇ ਅਜਿਹੇ ਲੋਕਾਂ ਨੂੰ ਜੋ ਆਪਣੀ ਸਜਾ ਪੁਰੀ ਹੋਣ ਤੇ ਰਿਹਾਅ ਹੋ ਜਾਂਦੇ ਹਨ ਉਹਨਾਂ ਲਈ ਸਰਕਾਰੀ ਨੌਕਰੀ ਮਿਲਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਮੰਗ ਨੂੰ ਉਹ ਸਰਕਾਰ ਕੋਲ ਉਠਾਉਣਗੇ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਫਿਲਹਾਲ ਫਰੀਦਕੋਟ ਜੇਲ੍ਹ ਅੰਦਰ ਹਾਲਾਤ ਬਹੁਤ ਵਧੀਆ ਹਨ। ਕੋਈ ਮੋਬਾਇਲ ਆਦਿ ਦੀ ਵਰਤੋਂ ਦੀ ਕਦੀ ਕੋਈ ਘਟਨਾ ਸਾਹਮਣੇ ਨਹੀਂ ਆਈ, ਫਿਰ ਵੀ ਜੇ ਜੈਮਰ ਲਗਾਉਣ ਦੀ ਲੋੜ ਪਈ ਤਾਂ ਪੰਜਾਬ ਸਰਕਾਰ ਉਹ ਵੀ ਲਵਾਵੇਗੀ।