ਪਟਿਆਲਾ ਦੇ ਐਵਿਏਸ਼ਨ ਕਲੱਬ ਪੁੱਜੇ ਮੁੱਖ ਮੰਤਰੀ ਮਾਨ/ ਸਿਖਲਾਈ ਲੈ ਰਹੇ ਪਾਇਲਟਾਂ ਨਾਲ ਬਿਤਾਏ ਪਲ/ ਪੰਜਾਬ ਨੂੰ ਹਵਾਬਾਜ਼ੀ ਉਦਯੋਗ ਦੀ ਹੱਬ ਬਣਾਉਣ ਦਾ ਐਲਾਨ

0
23

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਦੇ ਐਵਿਏਸ਼ਨ ਕਲੱਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਟਿਆਲਾ ਏਅਰਕਰਾਫਟ ਐਂਡ ਮੈਂਟੈਨੇਂਸ ਕਾਲਜ ਵਲੋਂ ਕਰਵਾਏ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਿਖਲਾਈ ਲੈ ਰਹੇ ਪਾਇਲਟਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਏਵੀਏਸ਼ਨ ਕਲੱਬ ਗਰੀਬ ਘਰਾਂ ਦੇ ਬੱਚਿਆਂ ਨੂੰ ਅੰਬਰੀ ਉਡਾਰੀਆਂ ਮਾਰਨ ਦਾ ਮੌਕਾ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਲੱਬ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦਾ ਐਲਾਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਜਿਹੜੇ ਕੋਰਸ ਜਾਂ ਸਿਖਲਾਈ ਨਿੱਜੀ ਏਵੀਏਸ਼ਨ ਕਲੱਬਾਂ ਵਿੱਚ 40 ਤੋਂ 45 ਹਜ਼ਾਰ ਵਿੱਚ ਮਿਲਦੀ ਹੈ, ਉਹ ਪਟਿਆਲਾ ਸਥਿਤ ਸਰਕਾਰੀ ਕਲੱਬ ਵਿੱਚ ਸਬਸਿਡੀ ਤਹਿਤ 22 ਤੋਂ 25 ਹਜ਼ਾਰ ਵਿੱਚ ਦਿੱਤੀ ਜਾ ਰਹੀ ਹੈ, ਜਿਸ ਤੋਂ ਸਪਸ਼ਟ ਹੈ ਕਿ ਹੁਣ ਪਿੰਡਾਂ ਦੇ ਲੋੜਵੰਦ ਘਰਾਂ ਦੇ ਬੱਚੇ ਵੀ ਅਸਮਾਨ ਵਿੱਚ ਉਡਾਰੀਆਂ ਮਾਰਨ ਲਈ ਤਿਆਰ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਪਟਿਆਲਾ ਦੇ ਸੰਗਰੂਰ ਰੋਡ ਵਿਖੇ ਸਥਿਤ ਮਹਾਰਾਣੀ ਕਲੱਬ ਚ ਏਵੀਏਸ਼ਨ ਕਲੱਬ ਵਿੱਚ 7 ਕਰੋੜ ਦੀ ਲਾਗਤ ਨਾਲ ਇੱਕ ਮਿਊਜਅਮ ਵੀ ਤਿਆਰ ਕੀਤਾ ਜਾਵੇਗਾ ਜਿੱਥੇ ਵਿੰਟੇਜ ਜਹਾਜ ਅਤੇ ਹੈਲੀਕਾਪਟਰ ਸਮੇਤ ਹੋਰ ਸਮਗਰੀ ਪ੍ਰਦਰਸ਼ਿਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਅਣਗੋਲੇ ਕੀਤੇ ਗਏ ਇਸ 253 ਏਕੜ ਵਾਲੇ ਕਲੱਬ ਨੂੰ ਚਲਾਉਣ ਲਈ ਨਿੱਜੀ ਕੰਪਨੀਆਂ ਵੱਲੋਂ ਵੀ ਆਫਰਾਂ ਆਈਆਂ ਸਨ ਪ੍ਰੰਤੂ ਪੰਜਾਬ ਸਰਕਾਰ ਨੇ ਇਸ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਬਜਾਏ ਖੁਦ ਚਲਾਉਣ ਦਾ ਫੈਸਲਾ ਲਿਆ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਬੱਚੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਣ।
ਐਵੀਏਸ਼ਨ ਸਬੰਧੀ ਇੱਥੇ ਦਿੱਤੀ ਜਾ ਰਹੀ ਸਿਖਲਾਈ ਅਤੇ ਪੜ੍ਹਾਈ ਲਈ ਐਸਸੀ ਅਤੇ ਬੀਸੀ ਸ਼੍ਰੇਣੀ ਲਈ 33 ਪ੍ਰਤੀਸ਼ਤ ਕੋਟਾ ਵੀ ਖਾਸ ਤੌਰ ਤੇ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਸਿਖਲਾਈ ਲੈਣ ਵਾਲਿਆਂ ਵਿਦਿਆਥੀਆਂ ਨੂੰ ਮਿਹਨਤ ਤੇ ਲਗਣ ਨਾਲ ਪੜ੍ਹਾਈ ਕਰਨ ਅਤੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕਲੱਬਾਂ ਅੰਦਰ ਹੁੰਦੀ ਸਿਖਲਾਈ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਐ ਅਤੇ ਇਹ ਕੋਸ਼ਿਸ਼ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਗਰੀਬ ਘਰਾਂ ਦੇ ਬੱਚਿਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਦੀ ਕਦੇ ਕੋਈ ਕੋਸ਼ਿਸ਼ ਨਹੀਂ ਹੋਈ ਪਰ ਪੰਜਾਬ ਸਰਕਾਰ ਆਮ ਘਰਾਂ ਦੇ ਬੱਚਿਆਂ ਨੂੰ ਨੌਕਰੀਂਆਂ ਦੇਣ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਅੱਗੇ ਵਧਣ ਦੇ ਮੌਕੇ ਦੇ ਰਹੀ ਐ, ਜਿਸ ਦੇ ਚਲਦਿਆਂ ਆਮ ਘਰਾਂ ਦੇ ਬੱਚਿਆਂ ਅੰਦਰ ਵੀ ਅੱਗੇ ਵਧਣ ਦਾ ਜਜ਼ਬਾ ਤੇ ਸ਼ੌਕ ਪੈਦਾ ਹੋਇਆ ਐ।
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕੰਪਲੈਕਸ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ ‘ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕੀਤਾ ਜਾ ਰਿਹਾ ਹੈ ਅਤੇ ਇਹ ਅਜਾਇਬ ਘਰ ਮਿਗ ਜਹਾਜ਼, ਸੈਕੰਡ ਜਨਰੇਸ਼ਨ ਹੈਲੀਕਾਪਟਰ, ਸਿਮੂਲੇਟਰਾਂ ਅਤੇ ਏਵੀਏਸ਼ਨ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ, ਜੋ ਵਿਦਿਆਰਥੀਆਂ ਅਤੇ ਜਨਤਾ ਨੂੰ ਅਹਿਮ ਜਾਣਕਾਰੀ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹਵਾਬਾਜ਼ੀ ਖੇਤਰ ਲਈ ਪ੍ਰੇਰਿਤ ਕਰਨਾ ਹੈ  ਮੁੱਖ ਮੰਤਰੀ ਨੇ ਇਸ ਮੌਕੇ ਸਿਵਲ ਏਵੀਏਸ਼ਨ ਵਿਭਾਗ ਦੀ ਨਵੀਂ ਵੈੱਬਸਾਈਟ dca.punjab.gov.in ਵੀ ਲਾਂਚ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਸਟੇਟ ਏਵੀਏਸ਼ਨ ਕੌਂਸਲ, ਪੰਜਾਬ ਦਾ ਉਦੇਸ਼ ਹਰ ਬੱਚੇ ਨੂੰ ਅਸਮਾਨ ਵਿਚ ਉਡਾਣ ਭਰਨ ਦਾ ਸੁਪਨਾ ਪੂਰਾ ਕਰਨ ਦਾ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਪਾਇਲਟ ਬਣਨ ਦੀ ਸਿਖਲਾਈ ਸਿਰਫ ਬਹੁਤ ਅਮੀਰ ਲੋਕਾਂ ਲਈ ਹੀ ਸੰਭਵ ਸੀ ਪਰ ਸਰਕਾਰ ਦੇ ਸਹਿਯੋਗ ਅਤੇ ਸਬਸਿਡੀ ਨਾਲ ਪੰਜਾਬ ਨੇ ਪਟਿਆਲਾ ਫਲਾਇੰਗ ਕਲੱਬ ਰਾਹੀਂ ਅਜਿਹੀਆਂ ਰੋਕਾਂ ਨੂੰ ਖਤਮ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਫਲਾਇੰਗ ਕਲੱਬ ਸਾਲ 1965 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ 253 ਏਕੜ ਵਿਚ ਫੈਲਿਆ ਹੋਇਆ ਹੈ, ਜਿਸ ਨਾਲ ਇਹ ਭਾਰਤ ਦੇ ਸਭ ਤੋਂ ਵੱਡੇ ਹਵਾਬਾਜ਼ੀ ਸਿਖਲਾਈ ਕੈਂਪਸਾਂ ਵਿਚੋਂ ਇਕ ਬਣ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਫਲਾਇੰਗ ਕਲੱਬ ਦੇਸ਼ ਭਰ ਵਿਚ ਸੱਤਵੇਂ ਸਥਾਨ ‘ਤੇ ਹੈ ਅਤੇ ਕਲੱਬ ਇਸ ਸਮੇਂ ਸੱਤ ਸਿਖਲਾਈ ਜਹਾਜ਼ ਚਲਾਉਂਦਾ ਹੈ ਜਿਸ ਵਿਚ ਪੰਜ ਸਿੰਗਲ-ਇੰਜਣ ਜਹਾਜ਼, ਦੋ ਮਲਟੀ-ਇੰਜਣ ਜਹਾਜ਼ ਅਤੇ ਇਕ ਟੈਕਨਾਮ ਪੀ2006ਟੀ (ਨਵਾਂ ਸ਼ਾਮਲ ਕੀਤਾ ਜਹਾਜ਼ ਜੋ ਇਟਲੀ ਤੋਂ 5 ਕਰੋੜ ਰੁਪਏ ਵਿਚ ਖਰੀਦਿਆ ਗਿਆ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਹੂਲਤਾਂ ਵਿਚ ਪਟਿਆਲਾ ਏਅਰਫੀਲਡ ‘ਤੇ ਰਾਤ ਨੂੰ ਲੈਂਡਿੰਗ ਸਮਰੱਥਾ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਿਖਲਾਈ ਦਾ ਤਜਰਬਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਵਾਬਾਜ਼ੀ ਸੈਕਟਰ ਵਿੱਚ ਕਰੀਅਰ ਸਿਰਫ ਪਾਇਲਟ ਬਣਨ ਤੱਕ ਸੀਮਿਤ ਨਹੀਂ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਹਵਾਬਾਜ਼ੀ ਸੈਕਟਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਜ਼ਰੂਰੀ ਨਹੀਂ ਕਿ ਪਾਇਲਟ ਵਜੋਂ ਕੰਮ ਕਰਨ ਦੀ ਇੱਛਾ ਰੱਖਦੇ ਹੋਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ (ਏਐਮਈ) ਕਾਲਜ ਵਿੱਚ ਕਿਫਾਇਤੀ ਤਕਨੀਕੀ ਸਿੱਖਿਆ ਪ੍ਰਦਾਨ ਕਰਦੀ ਹੈ, ਜੋ ਕਿ ਭਾਰਤ ਦੇ ਸਭ ਤੋਂ ਕਿਫਾਇਤੀ ਏ.ਐਮ.ਈ. ਤੇ ਬੀਐੱਸਸੀ (ਆਨਰਜ਼) ਪ੍ਰੋਗਰਾਮ ਚਲਾਉਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ 3 ਸਾਲਾ ਬੀਐੱਸਸੀ (ਆਨਰਜ਼) + 3 ਸਾਲਾ ਡੀਜੀਸੀਏ ਦੁਆਰਾ ਪ੍ਰਵਾਨਿਤ ਏ.ਐੱਮ.ਈ. ਪ੍ਰੋਗਰਾਮ ਦੀ ਕੁੱਲ ਫੀਸ ਸਿਰਫ 3 ਲੱਖ ਰੁਪਏ ਹੈ ਜਦੋਂ ਕਿ ਦੂਜੇ ਸੂਬਿਆਂ ਵਿਚ ਇਸੇ ਕੋਰਸ ਦੀ ਫੀਸ 5-8 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ 33% ਸੀਟਾਂ ਐੱਸ.ਸੀ. ਤੇ ਬੀ.ਸੀ. ਵਿਦਿਆਰਥੀਆਂ ਲਈ ਰਾਖਵੀਆਂ ਹਨ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿਚ ਆਮ ਘਰਾਂ ਦੇ ਬੱਚਿਆਂ ਨੂੰ ਵੀ ਮੌਕੇ ਹਾਸਲ ਹੋਣ।

LEAVE A REPLY

Please enter your comment!
Please enter your name here