
ਜਲੰਧਰ ਦੇ ਨੀਲਾ ਮਹਿਲਾ ਇਲਾਕੇ ਅੰਦਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਕੇ ਫਰਾਰ ਹੋ ਗਏ। ਸਥਾਨਕ ਵਾਸੀਆਂ ਦੀ ਇਤਲਾਹ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਖੋਲ੍ਹ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਘਟਨਾ ਕਾਫੀ ਸਮੇਂ ਤੋਂ ਚੱਲ ਰਹੇ ਝਗੜੇ ਦੇ ਚਲਦਿਆਂ ਵਾਪਰੀ ਐ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਐ ਅਤੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਐ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਗੋਲੀਬਾਰੀ ਦੋ ਸਮੂਹਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਕਾਰਨ ਹੋਈ ਹੈ। ਗੋਲੀਬਾਰੀ ਕਰਨ ਵਾਲੇ ਫਤਿਹਪੁਰੀ ਮੁਹੱਲਾ ਦੇ ਦੱਸੇ ਜਾ ਰਹੇ ਨੇ। ਪੁਲਿਸ ਨੇ ਦੱਸਿਆ ਕਿ ਆਂਢ-ਗੁਆਂਢ ਦੇ ਵਸਨੀਕਾਂ ਤੋਂ ਪੁੱਛਗਿੱਛ ਕਰਕੇ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਆਂਢ-ਗੁਆਂਢ ਵਿੱਚ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਥਾਣਾ ਡਿਵੀਜ਼ਨ-2 ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੀਲਾ ਮਹਿਲ ਮੁਹੱਲਾ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ। ਇੱਥੇ ਪ੍ਰਿੰਸ ਨਾਮ ਦੇ ਇੱਕ ਨੌਜਵਾਨ ਨੇ ਰਿਪੋਰਟ ਦਿੱਤੀ ਕਿ ਬੂਟਾ ਪਿੰਡ ਤੋਂ ਨਿਖਿਲ ਨਾਹਰ ਅਤੇ ਰੋਹਨ ਤਿੰਨ-ਚਾਰ ਹੋਰ ਮੁੰਡਿਆਂ ਨਾਲ ਆਏ ਸਨ। ਉਹ ਫਤਿਹਪੁਰੀ ਮੁਹੱਲੇ ਦੇ ਰਹਿਣ ਵਾਲੇ ਕੱਟਾ ਨਾਮ ਦੇ ਇੱਕ ਨੌਜਵਾਨ ਦੀ ਭਾਲ ਕਰ ਰਹੇ ਸਨ। ਇਸ ਨੌਜਵਾਨ ਨੇ ਉਨ੍ਹਾਂ ਨੂੰ ਖੁਦ ਦੇ ਨੀਲਾ ਮਹਿਲ ਮੁਹੱਲੇ ਦਾ ਐਡਰੈਸ ਦਿੱਤਾ ਸੀ, ਜਿਸ ਦੀ ਭਾਲ ਵਿਚ ਉਹ ਇੱਥੇ ਆਏ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੁਲਿਸ ਨੇ ਖੋਲ੍ਹ ਬਰਾਮਦ ਕਰ ਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

