ਮੁਕਤਸਰ ਡੀਸੀ ਵੱਲ ਦਰਬਾਰ ਸਾਹਿਬ ਮੈਨੇਜਰ ਦਾ ਪੱਤਰ; ਟਿੱਬੀ ਸਾਹਿਬ–ਦਾਤਨਸਰ ਰਸਤੇ ਦੀ ਹਾਲਤ ਸੁਧਾਰਨ ਦੀ ਮੰਗ

0
13

 

ਸ੍ਰੀ ਮੁਕਤਸਰ ਸਾਹਿਬ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਤੋਂ ਦਾਤਨਸਰ ਸਾਹਿਬ ਨੂੰ ਜਾਂਦੇ ਰਸਤੇ ਦੀ ਖਰਾਬ ਹਾਲਤ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਐ, ਜਿਸ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਐ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਡਿਪਟੀ ਕਮਿਸ਼ਨਰ ਵੱਲ ਪੱਤਰ ਲਿਖ ਕੇ ਸ਼ਹੀਦ ਜੋੜ ਮੇਲੇ ਤੋਂ ਪਹਿਲਾਂ ਪਹਿਲਾਂ ਸੜਕ ਦੀ  ਹਾਲਤ ਸੁਧਾਰਨ ਦੀ ਮੰਗ ਕੀਤੀ ਐ। ਡਿਪਟੀ ਕਮਿਸ਼ਨਰ ਨੇ ਕੰਮ ਛੇਤੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਐ।

ਦੱਸਣਯੋਗ ਐ ਕਿ ਜਨਵਰੀ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਇਸ ਟੁੱਟੇ ਹੋਏ ਰਸਤੇ ਕਰਕੇ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਡੀਸੀ ਨੂੰ ਚਿੱਠੀਆਂ ਲਿਖ ਕੇ ਰਸਤੇ ਦੀ ਮੁਰੰਮਤ ਦੀ ਮੰਗ ਕੀਤੀ ਗਈ ਹੈ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕੱਚੀ ਸੜਕ, ਖੜਦਾ ਸਿਵਰੇਜ ਦਾ ਪਾਣੀ ਅਤੇ ਥੋੜ੍ਹੀ ਜਿਹੀ ਬਾਰਿਸ਼ ਨਾਲ ਬਣਦਾ ਚੀਕੜ ਸੰਗਤ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ।

ਜਾਣਕਾਰੀ ਅਨੁਸਾਰ ਗੁਰਦੁਆਰਾ ਟਿੱਬੀ ਸਾਹਿਬ ਤੋਂ ਦਾਤਨਸਰ ਸਾਹਿਬ ਨੂੰ ਜਾਣ ਵਾਲੀ ਇਹ ਸੜਕ ਕਈ ਸਾਲ ਪਹਿਲਾਂ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸੜਕ ਜ਼ਿਆਦਾਤਰ ਹਿੱਸਿਆਂ ਵਿਚੋਂ ਟੁੱਟ ਚੁੱਕੀ ਹੈ ਅਤੇ ਆਰਜ਼ੀ ਤੌਰ ‘ਤੇ ਇੱਟਾਂ ਦਾ ਖੜਵੰਜਾ ਬਣਾ ਕੇ ਰਸਤਾ ਚਲਾਇਆ ਜਾ ਰਿਹਾ ਹੈ। ਇਸੇ ਰਸਤੇ ‘ਤੇ ਹਰ ਸਾਲ ਸਿਵਰੇਜ ਦਾ ਪਾਣੀ ਖੜ ਜਾਂਦਾ ਹੈ ਜਿਸ ਨਾਲ ਸੰਗਤ ਨੂੰ ਕੀਚੜ ਅਤੇ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ। ਜਦੋਂ ਜਨਵਰੀ ਦੇ ਮਹੀਨੇ ਵਿੱਚ ਬਾਰਿਸ਼ ਪੈਂ ਜਾਵੇ ਤਾਂ ਇਹ ਰਸਤਾ ਪੂਰੀ ਤਰ੍ਹਾਂ ਅਣਚੱਲੂ ਹੋਣ ਦੀ ਕਗਾਰ ਤੇ ਪਹੁੰਚ ਜਾਂਦਾ ਹੈ।

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਰਸਤੇ ਨੂੰ ਲੈ ਕੇ ਡੀਸੀ ਨੂੰ ਚਿੱਠੀਆਂ ਲਿਖੀਆਂ ਗਈਆਂ ਸੀ ਅਤੇ ਇਸ ਵਾਰ ਵੀ ਸੜਕ ਦੀ ਮੁਰੰਮਤ ਲਈ ਚਿੱਠੀ ਭੇਜ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਡੀਸੀ ਸਾਹਿਬ ਵੱਲੋਂ ਭਰੋਸਾ ਤਾਂ ਦੇ ਦਿੱਤਾ ਗਿਆ ਹੈ ਕਿ ਇਸ ਸੜਕ ਦਾ ਕੰਮ ਜਲਦ ਕਰਵਾਇਆ ਜਾਵੇਗਾ, ਪਰ ਫਿਲਹਾਲ ਜ਼ਮੀਨੀ ਪੱਧਰ ‘ਤੇ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜਨਵਰੀ 2026 ਵਿੱਚ ਸ਼ਹੀਦੀ ਜੋੜ ਮੇਲਾ ਹੋਣਾ ਹੈ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿਕ਼ਤ ਨਾ ਆਵੇ, ਇਸ ਲਈ ਇਸ ਸੜਕ ਦੀ ਤੁਰੰਤ ਮੁਰੰਮਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੜਕ, ਸਿਵਰੇਜ ਅਤੇ ਬਾਰਿਸ਼ ਦੇ ਪਾਣੀ ਦੀ ਸਮੱਸਿਆ ਨੂੰ ਜਲਦੀ ਹੱਲ ਕਰੇ ਤਾਂਕਿ ਆਉਣ ਵਾਲੇ ਮੇਲੇ ਵਿੱਚ ਸੰਗਤ ਸਹੀ ਤਰੀਕੇ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੇl

LEAVE A REPLY

Please enter your comment!
Please enter your name here