
ਫਾਜਿਲਕਾ ਪੁਲਿਸ ਨੇ ਅਰਨੀਵਾਲਾ ਵਿਖੇ 15 ਸਾਲਾ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾ ਲਈ ਐ। ਪੁਲਿਸ ਨੇ ਘਟਨਾ ਤੋਂ ਕੁੱਝ ਘੰਟਿਆਂ ਅੰਦਰ ਹੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਗੁਆਢੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਐ। ਇਨ੍ਹਾਂ ਨੇ ਹੀ ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬੇਅਬਾਦ ਥਾਂ ਤੇ ਸੁੱਟ ਦਿੱਤਾ ਸੀ। ਫੜੇ ਗਏ ਮੁਲਜਮਾਂ ਵਿਚ ਦੋ ਸ਼ਕੇ ਭਰਾ ਸ਼ਾਮਲ ਹਨ। ਪੁਲਿਸ ਜਾਂਚ ਮੁਤਾਬਕ ਮੁਲਜ਼ਮਾਂ ਨੇ ਇਹ ਘਟਨਾ ਲਾਲਚਵੱਸ ਅੰਜ਼ਾਮ ਦਿੱਤੀ ਐ। ਮ੍ਰਿਤਕ ਹਰਪ੍ਰੀਤ ਸਿੰਘ ਦੇ ਗਲੇ ਵਿਚ ਚਾਂਦੀ ਦੀ ਚੈਨੀ ਪਾਈ ਹੋਈ ਸੀ, ਜਿਸ ਨੂੰ ਲੁੱਟਣ ਦੀ ਨੀਅਤ ਨਾਲ ਉਸ ਦਾ ਕਤਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਇੰਦਰ ਸਿੰਘ ਡੀਐਸਪੀ (ਡੀ ) ਫਾਜਿਲਕਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਦੇਖਣ ਦੇ ਲਈ ਪੁਲਿਸ ਥਾਣਾ ਅਰਨੀਵਾਲਾ ਦੇ ਇੰਚਾਰਜ ਪਰਮਜੀਤ ਕੁਮਾਰ ਸਮੇਤ ਪੂਰੀ ਟੀਮ, ਸੀਆਈਏ ਸਟਾਫ ਅਤੇ ਹੋਰ ਟੀਮਾਂ ਪੂਰੀ ਮੁਸ਼ਤੇਦੀ ਨਾਲ ਕੰਮ ਕਰ ਰਹੀਆਂ ਸਨ। ਉਹਨਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਸਕਰਨ ਸਿੰਘ ਉਰਫ ਕਰਨ ਅਤੇ ਸੁਖਚੈਨ ਸਿੰਘ ਉਰਫ ਸੁੱਖੀ ਦੋਵੇਂ ਪੁੱਤਰਾਨ ਭਜਨ ਸਿੰਘ , ਜਤਿਨ ਕੁਮਾਰ ਉਰਫ ਮਾਨੂ ਪੁੱਤਰ ਵਰਿੰਦਰ ਸਿੰਘ ਵਾਸੀ ਅਰਨੀਵਾਲਾ ਨੂੰ ਕਾਬੂ ਕੀਤਾ ਹੈ ।
ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਉਮਰ ਕਰੀਬ 15 ਸਾਲ ਬੀਤੇ ਕੱਲ ਕਰੀਬ 11 ਵਜੇ ਸਾਈਕਲ ਤੇ ਸਵਾਰ ਹੋ ਕੇ ਆਪਣੇ ਗੁਆਂਢ ਵਿੱਚ ਗਿਆ ਸੀ। ਜਦੋਂ ਸ਼ਾਮ ਤੱਕ ਨਹੀਂ ਘਰ ਪਰਤਿਆ ਤਾਂ ਉਸਦੇ ਮਾਪਿਆਂ ਵੱਲੋਂ ਭਾਲ ਕੀਤੀ ਗਈ। ਇਸੇ ਦੌਰਾਨ ਸੁਖਚੈਨ ਸਿੰਘ ਉਰਫ ਸੁੱਖੀ ਪੁੱਤਰ ਭਜਨ ਸਿੰਘ ਨੇ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਕੋਲ ਆ ਕੇ ਹਰਪ੍ਰੀਤ ਦਾ ਸਾਈਕਲ ਦਿੱਤਾ। ਜਦ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਵੱਲੋਂ ਸੁੱਖੀ ਨੂੰ ਪੁੱਛਿਆ ਗਿਆ ਤਾਂ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ। ਅੱਜ ਸਵੇਰੇ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਤੇ ਰਿਸ਼ਤੇਦਾਰ ਉਸ ਦੀ ਭਾਲ ਵਿੱਚ ਪਿੰਡ ਬਾਮ ਨੂੰ ਜਾਂਦੇ ਰਸਤੇ ਰਾਹੀਂ ਜਸਕਰਨ ਸਿੰਘ ਉਰਫ ਕਰਨ ਪੁੱਤਰ ਭਜਨ ਸਿੰਘ ਦੇ ਖੇਤ ਪੁੱਜੇ ਤਾਂ ਹਰਪ੍ਰੀਤ ਸਿੰਘ ਦੀ ਲਾਸ਼ ਜਸਕਰਨ ਸਿੰਘ ਉਰਫ ਕਰਨ ਦੇ ਖੇਤਾਂ ਵਿੱਚ ਖਾਲੀ ਬੇ ਬਾਅਦ ਉੱਗੀਆਂ ਝਾੜੀਆਂ ਦੇ ਵਿੱਚ ਇਕ ਥੈਲੇ ਵਿੱਚ ਪਾਈ ਹੋਈ ਮਿਲੀ। ਜਿਸ ਦੇ ਸਿਰ, ਮੂੰਹ ,ਗਲੇ ਤੇ ਸਰੀਰ ਉੱਤੇ ਕਾਫੀ ਸੱਟਾਂ ਵੱਜੀਆਂ ਹੋਈਆਂ ਸਨ।
ਡੀਐਸਪੀ ਡੀ ਦੀਪਇੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਦੋਸ਼ੀਆਂ ਵੱਲੋਂ ਇਹ ਸਾਰੀ ਘਟਨਾ ਲਾਲਚ ਵਿੱਚ ਕੀਤੀ ਗਈ ਹੈ ਲੜਕੇ ਹਰਪ੍ਰੀਤ ਸਿੰਘ ਦੇ ਗਲ ਵਿੱਚ ਚੈਨੀ ਪਾਈ ਹੋਈ ਸੀ ਜੋ ਚਾਂਦੀ ਦੀ ਸੀ ਉਸ ਨੂੰ ਲੁੱਟਣ ਵਾਸਤੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਹ ਵੀ ਦੱਸਿਆ ਕਿ ਉਕਤ ਨਾਬਾਲਗ ਨੌਜਵਾਨ ਦੇ ਸਿਰ, ਮੂੰਹ, ਗਲੇ ਉੱਪਰ ਇਹਨਾਂ ਵੱਲੋਂ ਇੱਟਾਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜਸਕਰਨ ਸਿੰਘ ਦੀ ਉਮਰ ਕਰੀਬ 21 ਸਾਲ ਹੈ ਜੋ ਬਾਰਵੀਂ ਫੇਲ ਹੈ ਅਤੇ ਜਤਿਨ ਕੁਮਾਰ ਦੀ ਉਮਰ 19 ਸਾਲ ਹੈ ਜੋ ਬਾਰਵੀਂ ਜਮਾਤ ਪਾਸ ਹੈ। ਜਸਕਰਨ ਸਿੰਘ ਅਤੇ ਸੁਖਚੈਨ ਸਿੰਘ ਦੋਵੇਂ ਭਰਾ ਹਨ। ਇਨ੍ਹਾਂ ਵਿਚੋਂ ਸੁਖਚੈਨ ਸਿੰਘ ਮਹਿਜ 14 ਸਾਲ ਦਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਮਾਮਲੇ ਵਿੱਚ ਹੋਰ ਪੁਛਗਿੱਛ ਕੀਤੀ ਜਾਵੇਗੀ।

