
ਅਜਨਾਲਾ ਵਿਚ ਘਰੇਲੂ ਕਲੇਸ਼ ਦੇ ਚਲਦਿਆਂ ਮਾਪਿਆਂ ਵੱਲੋਂ ਆਪਣੇ ਜਵਾਨ ਪੁੱਤਰ ਦਾ ਕਤਲ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਸਿਮਰਜੰਗ ਸਿੰਘ ਵਜੋਂ ਹੋਈ ਐ। ਮ੍ਰਿਤਕ ਦਾ ਦੋਸ਼ ਸਿਰਫ ਐਨਾ ਸੀ ਕਿ ਉਹ ਘਰੇਲੂ ਕਲੇਸ਼ ਦੇ ਚਲਦਿਆਂ ਲੜ ਕੇ ਪੇਕੇ ਗਈ ਪਤਨੀ ਨੂੰ ਵਾਪਸ ਲਿਆਉਣਾ ਚਾਹੁੰਦਾ ਸੀ। ਇਸੇ ਦੇ ਚਲਦਿਆਂ ਹੋਈ ਤਕਰਾਰ ਤੋਂ ਬਾਅਦ ਉਸ ਦੀ ਮਾਂ ਤੇ ਪਿਉ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਦੋ ਸਾਲਾ ਪੁੱਤਰ ਵੀ ਐ ਜੋ ਆਪਣੀ ਮਾਂ ਨਾਲ ਨਾਨਕੇ ਘਰ ਰਹਿ ਰਿਹਾ ਐ। ਪੁਲਿਸ ਨੇ ਮਾਪਿਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦਾ ਦੋ ਸਾਲ ਦਾ ਪੁੱਤਰ ਵੀ ਹੈ। ਪਰ ਘਰੇਲੂ ਕਲੇਸ਼ ਅਤੇ ਤੰਗ ਪ੍ਰੇਸ਼ਾਨੀ ਕਾਰਨ ਉਹ ਪੇਕੇ ਵਾਪਸ ਚਲੀ ਗਈ ਸੀ। ਇਸਦੇ ਬਾਵਜੂਦ, ਸਿਮਰਜੰਗ ਉਸਨੂੰ ਮੁੜ ਘਰ ਲਿਆਉਣਾ ਚਾਹੁੰਦਾ ਸੀ ਅਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ। ਨਵਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਉਸਦੀ ਵਾਪਸੀ ਦੇ ਖ਼ਿਲਾਫ਼ ਸਨ ਅਤੇ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸਨ।
ਇਸੇ ਗੱਲ ਨੂੰ ਲੈ ਕੇ ਅੱਜ ਪਰਿਵਾਰ ਵਿੱਚ ਤਿੱਖਾ ਤਕਰਾਰ ਹੋਇਆ, ਜੋ ਹਿੰਸਾ ਵਿੱਚ ਬਦਲ ਗਿਆ। ਦੋਸ਼ੀਆਂ ਨੇ ਗੁੱਸੇ ਵਿੱਚ ਆ ਕੇ ਸਿਮਰਜੰਗ ਦੇ ਸਿਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮ ਇੰਨੇ ਗੰਭੀਰ ਸਨ ਕਿ ਉਸਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪਤਨੀ ਅਤੇ ਸਹੁਰੇ ਪਰਿਵਾਰ ਦਾ ਰੋ–ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਬੇਟੀ ਨਾਲ ਹਮੇਸ਼ਾਂ ਤੰਗ ਪ੍ਰੇਸ਼ਾਨੀ ਹੁੰਦੀ ਰਹੀ ਅਤੇ ਉਸਦਾ ਜਵਾਈ ਉਸਨੂੰ ਵਾਪਸ ਘਰ ਲਿਜਾਣਾ ਚਾਹੁੰਦਾ ਸੀ, ਪਰ ਸਸੁਰਾਲ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ। ਪੁਲਿਸ ਥਾਣਾ ਅਜਨਾਲਾ ਦੇ ਮੁਖੀ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮ੍ਰਿਤਕ ਦੇ ਦਾਦੇ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਸਿਮਰਜੰਗ ਦੇ ਪਿਤਾ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਮਾਤਾ ਦੀ ਭਾਲ ਜਾਰੀ ਹੈ।

