
ਗੁਰਦਾਸਪੁਰ ਅਧੀਨ ਆਉਂਦੇ ਪੀਐਚਸੀ ਧਿਆਨਪੁਰ ਓਟ ਸੈਂਟਰ ਵਿਖੇ ਨਸ਼ਈਆਂ ਵੱਲੋਂ ਸਟਾਫ ਨਾਲ ਬਦਸਲੂਕੀ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇੱਥੇ ਗੋਲੀਆਂ ਲੈਣ ਆਏ ਨੌਜਵਾਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਪਹਿਲਾਂ ਗਾਲੀ-ਗਲੋਚ ਕੀਤਾ ਅਤੇ ਫਿਰ ਹੱਥੋਪਾਈ ਤੇ ਉਤਰ ਆਏ। ਓਟ ਸੈਂਟਰ ਦੇ ਮੁਲਾਜਮਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਐ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਫਾਰਮੇਸੀ ਅਫਸਰ ਧਿਆਨਪੁਰ ਨੇ ਦੱਸਿਆ ਕਿ ਬੀਤੇ ਦਿਨ ਸਾਡੀ ਛੇ ਮੈਂਬਰੀ ਡਾਕਟਰਾਂ ਦੀ ਟੀਮ ਵੱਲੋਂ ਓਟ ਸੈਂਟਰ ਵਿੱਚ ਨੌਜਵਾਨਾਂ ਨਸ਼ਾ ਛਡਾਓ ਗੋਲੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਸਾਡੇ ਨਾਲ ਗਾਲੀ ਗਲੋਚ ਅਤੇ ਹੱਥੋਪਾਈ ਕੀਤੀ ਗਈ ਹੈ। ਇਸ ਸਬੰਧੀ ਤੁਰੰਤ ਸਿਵਲ ਸਰਜਨ ਗੁਰਦਾਸਪੁਰ ਅਤੇ ਐਸਐਮਓ ਧਿਆਨਪੁਰ ਡਾਕਟਰ ਪਰਜੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਉਕਤ ਨੌਜਵਾਨਾਂ ਦੀ ਪਹਿਚਾਨ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਹਨਾਂ ਦੀ ਪਹਿਚਾਣ ਕਰਕੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਨੂੰ ਲਿਖਤੀ ਦਰਖਾਸਤ ਦਿੱਤੀ ਜਾਵੇਗੀ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੀਐਸਸੀ ਧਿਆਨਪੁਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਪੁਲਿਸ ਦੇ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਈ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਵੱਲੋਂ ਓਟ ਸੈਂਟਰ ਵਿੱਚ ਦਵਾਈ ਵੰਡਣਾ ਬੰਦ ਕਰ ਦਿੱਤਾ ਜਾਵੇਗਾ।

