
ਅਬੋਹਰ ਦੇ ਪਿੰਡ ਬੱਲੂਆਣਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਪਤੀ ਸਮੇਤ ਬੱਚਿਆਂ ਦਾ ਵਾਲ ਵਾਲ ਬਚਾਅ ਹੋ ਗਿਆ। ਇਹ ਹਾਦਸਾ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਐ। ਹਾਦਸੇ ਦਾ ਸ਼ਿਕਾਰ ਪਰਿਵਾਰ ਲੁਧਿਆਣਾ ਤੋਂ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ ਕਿ ਬੱਲੂਆਣਾ ਕਾਲੋਨੀ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਈ। ਹਾਦਸੇ ਦੀ ਵਜ੍ਹਾਂ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਐ।
ਖਬਰਾਂ ਮੁਤਾਬਕ ਸੁਸ਼ੀਲ ਮਿੱਤਲ, ਉਸਦੀ ਪਤਨੀ ਸੁਨੀਤਾ ਮਿੱਤਲ, ਧੀ ਆਸਥਾ ਅਤੇ ਭਤੀਜੀ ਮੁਸਕਾਨ, ਲੁਧਿਆਣਾ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਗਏ ਸਨ ਅਤੇ ਅੱਜ ਸਵੇਰੇ ਲੁਧਿਆਣਾ ਤੋਂ ਅਬੋਹਰ ਲਈ ਰਵਾਨਾ ਹੋਏ ਸਨ। ਜਦੋਂ ਉਨ੍ਹਾਂ ਦੀ ਕਾਰ ਬੱਲੂਆਣਾ ਕਲੋਨੀ ਨੇੜੇ ਪਹੁੰਚੀ, ਤਾਂ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਅਤੇ ਉਹ ਅੱਗੇ ਇੱਕ ਟਰੱਕ ਨਾਲ ਟਕਰਾ ਗਈ। ਸੁਨੀਤਾ ਮਿੱਤਲ, ਜੋ ਕਿ ਕਾਰ ਦੇ ਡਰਾਈਵਰ ਵਾਲੇ ਪਾਸੇ ਬੈਠੀ ਸੀ, ਗੰਭੀਰ ਜ਼ਖਮੀ ਹੋ ਗਈ।
ਪਰਿਵਾਰ ਪਹਿਲਾਂ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ, ਜਿੱਥੋਂ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਸ਼ਹਿਰ ਦੀ ਮਸ਼ਹੂਰ ਮਿਠਾਈ ਦੀ ਦੁਕਾਨ ਚਾਨਣ ਮਲ ਸਵੀਟ ਹਾਊਸ ਦੇ ਸੰਚਾਲਕ ਰੋਹਤਾਸ ਗੁਪਤਾ ਦੀ ਬੂਆ ਦੀ ਧੀ ਸੀ। ਘਟਨਾ ਤੋਂ ਬਾਅਦ ਪਰਿਵਾਰ ਦੇ ਇਲਾਕੇ ਅੰਦਰ ਸੋਗ ਦੀ ਲਹਿਰ ਐ।

