
ਕੇਂਦਰ ਸਰਕਾਰ ਨੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਹੋਣ ਵਾਲਾ ਸਮਾਗਮ ਰੱਦ ਕਰ ਦਿੱਤਾ ਐ। ਇਹ ਸਮਾਗਮ ਬੀਕਾਨੇਰ ਕੈਨਾਲ ਦੀ ਸ਼ਤਾਬਦੀ ਸਬੰਧੀ ਰੱਖਿਆ ਗਿਆ ਸੀ, ਜਿਸ ਵਿਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸ਼ਾਮਲ ਹੋਣਾ ਸੀ। ਕੇਂਦਰੀ ਮੰਤਰੀ ਪੰਜਾਬ ਪਹੁੰਚ ਚੁੱਕੇ ਸਨ, ਜਿਨ੍ਹਾਂ ਨੂੰ ਦਿੱਲੀ ਵਾਪਸ ਬੁਲਾ ਲਿਆ ਗਿਆ ਐ। ਸਰਕਾਰ ਨੇ ਇਹ ਕਦਮ ਪੰਜਾਬੀਆਂ ਦੇ ਵਿਰੋਧ ਦੇ ਚਲਦਿਆਂ ਚੁੱਕਿਆ ਐ।
ਇਹ ਸਮਾਗਮ ਪੰਜਾਬ ਭਾਜਪਾ ਵੱਲੋਂ ਰੱਖਿਆ ਗਿਆ ਸੀ ਜਿਸ ਦੀ ਅਗਵਾਈ ਭਾਜਪਾ ਦੀ ਕੌਮੀ ਕੌਂਸਲ ਦੇ ਵਿਸ਼ੇਸ਼ ਇਨਵਾਇਟੀ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਾ ਰਹੇ ਸਨ। ਭਾਜਪਾ ਵੱਲੋਂ ਪੰਜਾਬ ਦੀ ਧਰਤੀ ’ਤੇ ਰਾਜਸਥਾਨ ਦੀ ਨਹਿਰ ਦੇ ਸ਼ਤਾਬਦੀ ਸਮਾਰੋਹ ਰੱਖੇ ਜਾਣ ਤੋਂ ਪੰਜਾਬ ਦੇ ਸਿਆਸੀ ਹਲਕਿਆਂ ’ਚ ਕਾਫ਼ੀ ਬੇਚੈਨੀ ਪਾਈ ਜਾ ਰਹੀ ਸੀ। ਸੁਆਲ ਉੱਠ ਰਹੇ ਸਨ ਕਿ ਭਾਜਪਾ ਅਜਿਹੇ ਸਮਾਰੋਹ ਕਰਕੇ ਪੰਜਾਬੀਆਂ ਦੀ ਦੁਖਦੀ ਰਗ ’ਤੇ ਹੱਥ ਰੱਖ ਰਹੀ ਹੈ। ਬੀਕਾਨੇਰ ਨਹਿਰ ਜਿਸ ਨੂੰ ਗੰਗ ਕੈਨਾਲ ਵੀ ਕਿਹਾ ਜਾਂਦਾ ਹੈ, ਦੀ ਸਮਰੱਥਾ 3027 ਕਿਊਸਿਕ ਹੈ ਅਤੇ ਆਜ਼ਾਦੀ ਤੋਂ ਪਹਿਲਾਂ ਇਸ ਨਹਿਰ ਜ਼ਰੀਏ 1.11 ਐੱਮਏਐੱਫ ਪਾਣੀ ਰਾਜਸਥਾਨ ਨੂੰ ਸਪਲਾਈ ਹੁੰਦਾ ਸੀ। ਇਹ ਨਹਿਰ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਹੈ।
ਇਸ ਸਮਾਗਮ ਬਾਰੇ ਪੰਜਾਬ ਕਾਂਗਰਸ ਦਾ ਕਹਿਣਾ ਸੀ ਕਿ ਕੇਂਦਰੀ ਸਰਕਾਰ ਪੰਜਾਬ ਦੇ ਪੁਰਾਣੇ ਜ਼ਖ਼ਮ ਦੁਬਾਰਾ ਖੋਲ੍ਹ ਰਹੀ ਹੈ। ਇਸ ਸਖ਼ਤ ਵਿਰੋਧ ਤੋਂ ਬਾਅਦ ਸਮਾਗਮ ਰੱਦ ਕਰ ਦਿੱਤਾ ਗਿਆ। ਹਾਲਾਂਕਿ ਸਮਾਗਮ ਵਿਚ ਹਿੱਸਾ ਲੈਣ ਲਈ ਰਾਜਸਥਾਨ ਦੇ ਬੀਕਾਨੇਰ ਤੋਂ ਬਹੁਤ ਸਾਰੇ ਲੋਕ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਪਹੁੰਚ ਗਏ, ਜਿੱਥੇ ਸਮਾਗਮ ਰੱਦ ਹੋਣ ਦੇ ਬਾਵਜੂਦ, ਉਨ੍ਹਾਂ ਨੇ ਇੱਕ ਨੀਂਹ ਪੱਥਰ ਸਮਾਗਮ ਕੀਤਾ ਅਤੇ ਮਹਾਰਾਜਾ ਗੰਗਾ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਮੰਤਰੀ ਰੂਸੀ ਰਾਸ਼ਟਰਪਤੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵਾਪਸ ਆਏ ਹਨ, ਜਿਸ ਕਾਰਨ ਸਮਾਗਮ ਰੱਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਪਾਣੀ ਅਤੇ ਇਹ ਗੰਗਾ ਨਹਿਰ ਮਹਾਰਾਜਾ ਗੰਗਾ ਸਿੰਘ ਕਾਰਨ ਮਿਲੀ ਹੈ। ਇਹ ਨਹਿਰ ਸਾਡੇ ਲਈ ਬਹੁਤ ਮਹੱਤਵ ਰੱਖਦੀ ਹੈ, ਇਸ ਲਈ ਅੱਜ ਅਸੀਂ ਮਹਾਰਾਜਾ ਗੰਗਾ ਸਿੰਘ ਦੀ ਯਾਦ ਵਿੱਚ ਭੂਮੀ ਪੂਜਨ ਕੀਤਾ ਹੈ।

