ਲੁਧਿਆਣਾ ’ਚ ਮਾਤਮ ’ਚ ਬਦਲੀ ਵਿਆਹ ਦੀ ਖੁਸ਼ੀ; ਹਾਦਸੇ ’ਚ ਲਾੜੀ ਦੇ ਮਾਤਾ-ਪਿਤਾ ਤੇ ਚਾਚੀ ਦੀ ਮੌਤ; ਟਰੱਕ ਨਾਲ ਟਕਰਾਈ ਪਰਿਵਾਰ ਦੀ ਇਨੋਵਾ ਕਾਰ

0
13

ਲੁਧਿਆਣਾ ਵਿਚ ਇਕ ਪਰਿਵਾਰ ਦੀਆਂ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਵਿਆਹ ਤੋਂ ਬਾਅਦ ਪਰਿਵਾਰ ਦੀ ਕਾਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਵਿਆਹੁਤਾ ਕੁੜੀ ਦਾ ਮਾਂ-ਪਿਓ ਤੇ ਚਾਚੀ ਦੀ ਮੌਤ ਹੋ ਗਈ ਐ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਪਰਿਵਾਰ ਲੁਧਿਆਣਾ ਤੋਂ ਡੋਲੀ ਤੋਰਨ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਮ੍ਰਿਤਕਾ ਦੀ ਪਛਾਣ ਲਾੜੀ ਦੇ ਪਿਤਾ ਅਸ਼ੋਕ ਕੁਮਾਰ ਨੰਦਾ ਅਤੇ ਮਾਂ ਕਿਰਨ ਨੰਦਾ ਅਤੇ ਚਾਚੀ ਰੇਣੂ ਬਾਲਾ ਵਜੋਂ ਹੋਈ ਐ।

ਜਾਣਕਾਰੀ ਅਨੁਸਾਰ ਇਹ ਪਰਿਵਾਰ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸਟੈਲੋਨ ਮੈਨੋਰ ਪੈਲੇਸ ਵਿੱਚ ਵਿਆਹ ਤੋਂ ਬਾਅਦ ਡੋਲੀ ਜਲੰਧਰ ਲਈ ਤੋਰ ਕੇ ਆਪਣੇ ਘਰ ਸਰਹੱਦ ਵੱਲ ਨੂੰ ਜਾ ਰਹੇ ਸੀ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਇਨੋਵਾ ਕ੍ਰਿਸਟਾ (PB48G-0099) ਵਿੱਚ ਲਾੜੀ ਦੇ ਪਿਤਾ, ਅਸ਼ੋਕ ਕੁਮਾਰ ਨੰਦਾ ਉਰਫ ਨੰਦਾ, ਮਾਂ ਕਿਰਨ ਨੰਦਾ, ਮਾਸੀ ਰੇਣੂ ਬਾਲਾ, ਮੋਹਨ ਕੁਮਾਰ ਨੰਦਾ ਅਤੇ ਉਨ੍ਹਾਂ ਦੀ ਪਤਨੀ ਸ਼ਰਮੀਲੀ ਨੰਦਾ ਸਵਾਰ ਸਨ। ਉਨ੍ਹਾਂ ਦੇ ਪਿੱਛੇ ਇੱਕ ਰਿਸ਼ਤੇਦਾਰ, ਨਰੇਸ਼ ਕੁਮਾਰ ਅਰੋੜਾ, ਆਪਣੀ ਕਾਰ ਵਿੱਚ ਸੀ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੀਆਂ ਗੱਡੀਆਂ ਪਿੰਡ ਖਾਕਟ ਨੇੜੇ ਪਹੁੰਚੀਆਂ, ਤਾਂ ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਪਿੱਛੇ ਜਾ ਰਹੀ ਇਨੋਵਾ ਕਾਰ ਦੀ ਟਰੱਕ ਦੇ ਪਿਛਲੇ ਹਿੱਸੇ ਵਿੱਚ ਟੱਕਰ ਹੋ ਗਈ।  ਹਾਦਸੇ ਵਿੱਚ ਕਾਰ ਵਿੱਚ ਸਵਾਰ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਰੇਣੂ ਬਾਲਾ, ਅਸ਼ੋਕ ਨੰਦਾ ਅਤੇ ਕਿਰਨ ਨੰਦਾ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ। ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਅਪੋਲੋ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਲਾੜੀ, ਗਜ਼ਲ ਦੀ ਡੋਲੀ ਜਲੰਧਰ ਵੱਲ ਜਾ ਰਹੀ ਸੀ। ਜਿਵੇਂ ਹੀ ਹਾਦਸੇ ਦੀ ਖ਼ਬਰ ਲਾਡੋਵਾਲ ਪਹੁੰਚੀ ਡੋਲੀ ਉੱਥੋਂ ਸਰਹਿੰਦ ਵੱਲ ਵਾਪਸ ਮੁੜ ਗਈ।

ਵਿਆਹ, ਜਿਸ ਦੀਆਂ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸਨ, ਅਚਾਨਕ ਇੱਕੋ ਘਰ ਵਿੱਚੋਂ ਤਿੰਨ ਜੀਆਂ ਦੀ ਮੌਤ ਨੇ ਖੁਸ਼ੀਆਂ ਮਾਤਮ ਵਿਚ ਬਦਲ ਦਿੱਤੀਆਂ ਨੇ। ਟਰੱਕ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਡਰਾਈਵਰ ਵਿਰੁੱਧ ਧਾਰਾ 334 (ਮਿਤੀ 01-12-25) ਅਧੀਨ ਧਾਰਾ 285, 106, 324(5), 125(b) (BNS) ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਹਨੇਵਾਲ ਥਾਣੇ ਦੇ ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਦੇ ਅਨੁਸਾਰ, ਮੁੱਢਲੀ ਜਾਂਚ ਵਿੱਚ ਤੇਜ਼ ਰਫ਼ਤਾਰ ਅਤੇ ਟਰੱਕ ਡਰਾਈਵਰ ਵੱਲੋਂ ਅਚਾਨਕ ਬ੍ਰੇਕ ਲਗਾਉਣਾ ਹਾਦਸੇ ਦੇ ਮੁੱਖ ਕਾਰਨ ਪਾਏ ਗਏ ਹਨ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਐ। ਇਸ ਹਾਦਸੇ ਨੇ ਨਾ ਸਿਰਫ਼ ਸਰਹਿੰਦ ਸਗੋਂ ਪੂਰੇ ਇਲਾਕੇ ਵਿੱਚ ਸਾਰਿਆਂ ਨੂੰ ਸੋਗ ਵਿਚ ਡੋਬ ਦਿੱਤਾ ਐ।

LEAVE A REPLY

Please enter your comment!
Please enter your name here