
ਆਰਐਸਐਸ ਵਰਕਰ ਨਵੀਨ ਕੁਮਾਰ ਦੇ ਕਤਲ ਮਾਮਲੇ ‘ਚ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਇਸ ਮਾਮਲੇ ਦਾ ਮੁੱਖ ਮੁਲਜਮ ਗੁਰਸਿਮਰਨ ਉਰਫ਼ ਜਤਿਨ ਉਰਫ਼ ਕਾਲਾ ਜਲਾਲਾਬਾਦ ਨੇੜੇ ਹੋਏ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਐ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਨੇ ਜਲਾਲਾਬਾਦ ਦੇ ਮਾਹਮੂ ਜੋਈਆਂ ਟੋਲ ਪਲਾਜੇ ਨੇੜੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਮੁਲਜਮ ਗੁਰਸਿਮਰਨ ਦੀ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਫੜਣ ਲਈ ਛਾਪੇਮਾਰੀ ਜਾਰੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕਤਲ ਕਾਂਡ ਮੁੱਖ ਮੁਲਜ਼ਮ ਗੁਰਸਿਮਰਨ ਉਰਫ਼ ਜਤਿਨ ਉਰਫ਼ ਕਾਲਾ ਮੋਟਰਸਾਈਕਲ ‘ਤੇ ਘੁੰਮ ਰਿਹਾ ਹੈ। ਪੁਲਿਸ ਨੇ ਤੁਰੰਤ ਨਾਕੇਬੰਦੀ ਕਰਕੇ ਜਤਿਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤਾਂ ਜਤਿਨ ਦੀ ਲੱਤ ‘ਤੇ 3 ਗੋਲੀਆਂ ਲੱਗੀਆਂ। ਇਸ ਦੌਰਾਨ ਇਕ ਗੋਲੀ ਤਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਦੀ ਗੱਡੀ ਦੇ ਫਰੰਟ ਸ਼ੀਸੇ ‘ਤੇ ਲੱਗੀ। ਅਪਰੇਸ਼ਨ ਦੌਰਾਨ ਇੱਕ ਪੁਲਿਸ ਅਫ਼ਸਰ ਨੂੰ ਵੀ ਗੋਲੀ ਲੱਗੀ ਤੇ ਦੂਜੇ ਪੁਲਿਸ ਅਫ਼ਸਰ ਦੀ ਬੁਲੇਟਪ੍ਰੂਫ ਜੈਕਟ ’ਤੇ ਗੋਲੀ ਲੱਗੀ। ਮੁਲਜਮ ਨੂੰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਫ਼ਾਜ਼ਿਲਕਾ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜ਼ਖਮੀ ਪੁਲਿਸ ਮੁਲਾਜਮਾਂ ਦਾ ਵੀ ਸਿਵਲ ਹਸਪਤਲਚ ਇਲਾਜ ਚਲ ਰਿਹਾ ਹੈ।
ਦੱਸ ਦੇਈਏ ਕਿ ਫਿਰੋਜ਼ਪੁਰ ‘ਚ 15 ਨਵੰਬਰ ਨੂੰ ਅਣਪਛਾਤੇ ਬਦਮਾਸ਼ਾਂ ਗੋਲੀਆਂ ਮਾਰ ਕੇ ਆਰਐਸਐਸ ਆਗੂ ਦੀਨਾਨਾਥ ਦੇ ਪੋਤੇ ਨਵੀਨ ਕੁਮਾਰ ਦਾ ਕਤਲ ਕਰ ਦਿੱਤਾ ਸੀ। ਗੋਲੀ ਨਵੀਨ ਕੁਮਾਰ ਦੇ ਸਿਰ ‘ਚ ਲੱਗੀ ਸੀ। ਚਸ਼ਮਦੀਦਾਂ ਦੇ ਦੱਸਣ ਮੁਤਾਬਕ ਨਵੀਨ ਅਰੋੜਾ ਸ਼ਹਿਰ ਦੇ ਮੇਨ ਬਾਜ਼ਾਰ ‘ਚ ਇੱਕ ਦੁਕਾਨ ਚਲਾਉਂਦਾ ਸੀ। ਘਟਨਾ ਵੇਲੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ, ਜਦੋਂ ਦੋ ਹਮਲਾਵਰਾਂ ਨੇ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ। ਨਵੀਨ ਦੇ ਸਿਰ ਟਚ ਗੋਲੀ ਲੱਗੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ,ਜਿਨ੍ਹਾਂ ਨੂੰ ਫੜਣ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਸਨ। ਪੁਲਿਸ ਨੇ ਦੋ ਜਣਿਆਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ। ਇਕ ਦਾ ਅੱਜ ਐਨਕਾਊਟਰ ਹੋਇਆ ਐ ਅਤੇ ਦੋ ਬਾਕੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਐ।

