
ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਤੇ ਦੀਨਾਨਗਰ ਹਲਕੇ ਅੰਦਰ ਪਹੁੰਚੇ ਜਿੱਥੇ ਉਨ੍ਹਾਂ ਨੇ ਸਹਿਕਾਰੀ ਖੰਡ ਮਿਲਜ਼ ਲਿਮਟਿਡ ਪਨਿਆੜ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਖੰਡ ਮਿੱਲ ਤੋਂ ਸਲਫਰ ਰਹਿਤ ਖੰਡ ਤਿਆਰ ਕੀਤੀ ਜਾਵੇਗੀ, ਜੋ ਆਮ ਖਪਤਕਾਰਾਂ ਨੂੰ ਫਾਇਦੇਮੰਦ ਹੋਵੇਗੀ। ਮੁੱਖ ਮੰਤਰੀ ਨੇ ਖੰਡ ਮਿੱਲ ਚਾਲੂ ਹੋਣ ਉਤੇ ਪ੍ਰਬੰਧਕਾਂ ਤੇ ਕਾਮਿਆਂ ਨੂੰ ਵਧਾਈ ਵੀ ਦਿੱਤੀ। ਮੁੱਖ ਮੰਤਰੀ ਨੇ ਗੰਨੇ ਦਾ ਭਾਅ ਵਧਾ ਕੇ 416 ਰੁਪਏ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਗੰਨੇ ਰੇਟ ਦੇਸ਼ ਭਰ ਵਿਚੋਂ ਸਭ ਤੋਂ ਵੱਧ ਐ।
ਉਨ੍ਹਾਂ ਅੱਗੇ ਕਿਹਾ ਕਿ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ 2 ਹਜ਼ਾਰ ਟਨ ਤੋਂ ਵਧਾ ਕੇ 5 ਹਜ਼ਾਰ ਟਨ ਕੀਤੀ ਗਈ ਹੈ। ਇਸ ਮਿੱਲ ‘ਚ 2850 ਗੰਨਾ ਕਿਸਾਨ ਇਸ ਮਿੱਲ ਨੂੰ ਗੰਨਾ ਸਪਲਾਈ ਕਰ ਰਹੇ ਹਨ ਪਰ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਗੰਨਾ ਸਪਲਾਈ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜਾਵੇਗੀ। ਇਸ ਨਾਲ ਕਿਸਾਨਾਂ ਨੂੰ ਦੂਰ-ਦੁਰਾਡੇ ਦੀਆਂ ਮਿੱਲਾਂ ‘ਚ ਜਾਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਉਨ੍ਹਾਂ ਦੀ ਟਰਾਂਸਪੋਰਟੇਸ਼ਨ ਅਤੇ ਸਮੇਂ ਦੀ ਬੱਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਗੰਨੇ ਦੀ ਫ਼ਸਲ ਦੀ ਗੁਣਵੱਤਾ ਵੀ ਵਧਾ ਰਹੇ ਹਾਂ ਅਤੇ ਇਸ ਮਿੱਲ ਨਾਲ ਕਿਸਾਨਾਂ ਦੀ ਦੂਰ-ਦੂਰਾਡੇ ਜਾਣ ਵਾਲੀ ਖੱਜਲ-ਖੁਆਰੀ ਵੀ ਘਟੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਫੈਕਟਰੀ ਤਿੰਨ ਗੁਣਾ ਵੱਧ ਵਧਾ ਦੇਈਏ ਤਾਂ ਫਿਰ ਲੇਬਰ ਵੀ ਤਿੰਨ ਗੁਣਾ ਵੱਧ ਹੋਵੇਗੀ ਅਤੇ ਪ੍ਰੋਡਕਸ਼ਨ ਵੀ ਤਿੰਨ ਗੁਣਾ ਵੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਦਿਨ ਹੈ ਅਤੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਦੇ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ।
ਚੰਡੀਗੜ੍ਹ ‘ਚ ਕਿਸਾਨਾਂ ਦੇ ਇਕੱਠ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨਾਲ ਉਨ੍ਹਾਂ ਦੀਆਂ ਮੰਗਾਂ ਹਨ, ਜਿਸ ਨੂੰ ਕੇਂਦਰ ਸਰਕਾਰ ਵਲੋਂ ਪੂਰਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਕਾਰ ਸਮੇਂ-ਸਮੇਂ ਸਿਰ ਕਿਸਾਨਾਂ ਨਾਲ ਮਿਲਣੀ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

