
ਪੰਜਾਬ ਪੁਲਿਸ ਵੱਲੋਂ ਘਰੇਲੂ ਹਿੰਸਾ ਦੇ ਮਾਮਲਿਆਂ ਦਾ ਸਿਹਤ ਵਿਭਾਗ ਦੀ ਮਦਦ ਨਾਲ ਸੁਖਾਵਾਂ ਹੱਲ ਕੱਢਣ ਦੀ ਮੁਹਿੰਮ ਵਿੱਢੀ ਗਈ ਐ। ਪੁਲਿਸ ਵੱਲੋਂ ਹਸਪਤਾਲਾਂ ਵਿਚ ਮਹਿਲਾ ਸਲਾਹਕਾਰ ਤੈਨਾਤ ਕਰ ਕੇ ਘਰੇਲੂ ਹਿੰਸਾ ਤੋਂ ਬਾਅਦ ਹਸਪਤਾਲ ਆਉਣ ਵਾਲੇ ਮਾਮਲਿਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਵਿਭਾਗ ਵੱਲੋਂ ਹਿੰਸਾ ਪ੍ਰਭਾਵਿਤ ਮਹਿਲਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੌਂਸਲਿੰਗ ਕਰ ਕੇ ਝਗੜਿਆਂ ਦਾ ਸੁਖਾਵਾਂ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਤਹਿਤ ਅੱਜ ਡੀਜੀਪੀ ਗੁਰਪ੍ਰੀਤ ਦੇਵ ਨੇ ਜਲੰਧਰ ਹਸਪਤਾਲ ਦਾ ਦੌਰਾ ਕਰ ਕੇ ਹਸਪਤਾਲ ਪ੍ਰਸ਼ਾਸਨ ਨਾਲ ਇਸ ਬਾਰੇ ਵਿਚਾਰ-ਵਟਾਦਰਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੁਰਪ੍ਰੀਤ ਦੇਵ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਦੀ ਸਹਾਇਤਾ ਨਾਲ ਹਸਪਤਾਲ ਵਿੱਚ ਇੱਕ ਨਵਾਂ ਸਬਸਟੇਸ਼ਨ ਸ਼ੁਰੂ ਕਰ ਰਹੀ ਹੈ ਜਿੱਥੇ ਦੋ ਮਹਿਲਾ ਸਲਾਹਕਾਰ ਤਾਇਨਾਤ ਕੀਤੀਆਂ ਜਾਣਗੀਆਂ। ਇਹ ਮੁਲਾਜਮ ਘਰੇਲੂ ਹਿੰਸਾ ਬਾਅਦ ਐਮਰਜੈਂਸੀ ਵਾਰਡ ਵਿੱਚ ਆਉਣ ਵਾਲੇ ਪੀੜਤਾਂ ਦੀ ਕੌਂਸਲਿੰਗ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਡਾਕਟਰ ਆਮ ਤੌਰ ‘ਤੇ ਅਜਿਹੇ ਮਾਮਲਿਆਂ ਵਿਚ ਇਲਾਜ ਕਰਨ ਬਾਅਦ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੰਦੇ ਨੇ।
ਹਾਲਾਂਕਿ, ਕਈ ਵਾਰ, ਹਿੰਸਾ ਅਤੇ ਹੋਰ ਮੁੱਦਿਆਂ ਨਾਲ ਜੁੜੇ ਮਾਮਲਿਆਂ ਲਈ, ਉਨ੍ਹਾਂ ਨੂੰ ਉਸੇ ਘਰ ਵਾਪਸ ਜਾਣਾ ਪੈਂਦਾ ਹੈ। ਅਜਿਹੇ ਮਾਮਲਿਆਂ ਵਿੱਚ, ਔਰਤ ਅਤੇ ਉਸਦੇ ਪਤੀ ਦੀ ਕੌਂਸਲਿੰਗ ਕਰ ਕੇ ਸਹੀ ਸਲਾਹ ਦਿੱਤੀ ਜਾਣੀ ਚਾਹੀਦੀ ਐ ਤਾਂ ਜੋ ਪਰਿਵਾਰ ਵਿਚੋਂ ਮਨ-ਮੁਟਾਵ ਖਤਮ ਕਰ ਕੇ ਝਗੜੇ ਦੇ ਸੁਖਾਵਾਂ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸਲਾਹਕਾਰ ਸਵੇਰ ਤੋਂ ਸ਼ਾਮ ਤੱਕ ਡਿਊਟੀ ‘ਤੇ ਰਹਿਣਗੇ। ਇਸ ਸਮੇਂ ਦੌਰਾਨ ਉਹ ਜ਼ਹਿਰ ਖਾਣ ਦੇ ਮਾਮਲਿਆਂ ਸਮੇਤ ਸਾਰੇ ਮਸਲਿਆਂ ਦੀ ਬਾਰੀਕੀ ਨਾਲ ਜਾਂਚ ਕਰਨਗੇ। ਇਸ ਸਮੇਂ ਦੌਰਾਨ ਔਰਤਾਂ ਵੱਲੋਂ ਅਜਿਹੇ ਕੇਸਾਂ ਵਿਚ ਬੱਚਿਆਂ ਦੀ ਪਰਵਰਿਸ਼ ਲਈ ਗੈਰ-ਸਰਕਾਰੀ ਸੰਗਠਨਾਂ ਦੀ ਸਹਾਇਤਾ ਵੀ ਲਈ ਜਾਵੇਗੀ।

