
ਧੂਰੀ ਦੇ ਸਦਰ ਬਾਜ਼ਾਰ ਵਿਚ ਮੋਟਰ ਸਾਇਕਲ ਸਵਾਰਾਂ ਵੱਲੋਂ ਬਜ਼ੁਰਗ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਐ। ਬੈਗ ਖੋਹਣ ਦੀ ਕੋਸ਼ਿਸ਼ ਦੌਰਾਨ ਬਜ਼ੁਰਗ ਮਹਿਲਾ ਜ਼ਮੀਨ ਤੇ ਡਿੱਗ ਕੇ ਜ਼ਖਮੀ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰਨਾ ਚਾਹਿਆਂ ਪਰ ਲੁਟੇਰੇ ਇਕ ਵਿਅਕਤੀ ਦੀਆਂ ਅੱਖਾਂ ਵਿਚ ਮਿਰਚਾ ਪਾ ਗਏ ਤੇ ਦੂਜੇ ਨੂੰ ਧੱਕਾ ਦੇ ਕੇ ਫਰਾਰ ਹੋ ਗਏ। ਭੀੜ ਭਾੜ ਵਾਲੇ ਇਲਾਕੇ ਵਿਚ ਵਾਪਰੀ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਘਟਨਾ ਬੀਤੀ ਸ਼ਾਮ 5.15 ਦੀ ਦੱਸੀ ਜਾ ਰਹੀ ਐ। ਜਾਣਕਾਰੀ ਮੁਤਾਬਕ ਮਹਿਲਾ ਬਾਜ਼ਾਰ ਵਿੱਚ ਖਰੀਦਦਾਰੀ ਕਰਕੇ ਘਰ ਵੱਲ ਜਾ ਰਹੀ ਸੀ ਕਿ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਹੱਥ ਵਿਚ ਫੜਿਆ ਬੈਗ ਖੋਹਣ ਦੀ ਕੋਸਿਸ਼ ਕੀਤੀ ਪਰ ਬਜੁਰਗ ਨੇ ਬੈਗ ਨਹੀਂ ਛੱਡਿਆ ਜਿਸ ਕਾਰਨ ਉਹ ਸੜਕ ਕੇ ਡਿੱਗ ਪਈ। ਮੌਕੇ ਤੇ ਮੌਜੂਦ ਲੋਕਾਂ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰਿਆਂ ਨੇ ਇਕ ਨੌਜਵਾਨ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਦੂਜੇ ਨੂੰ ਧੱਕਾ ਦੇ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ।
ਦੱਸਣਯੋਗ ਐ ਕਿ ਇਹ ਪੂਰੀ ਘਟਨਾ ਇੱਕ ਭੀੜ-ਭਾੜ ਵਾਲੇ ਬਾਜ਼ਾਰ ਵਿੱਚ ਵਾਪਰੀ ਐ। ਘਟਨਾ ਸਥਾਨ ਤੋਂ ਬੈਕ ਸਾਇਡ ਥਾਣਾ ਸਦਰ ਦੀ ਬਿਲਡਿੰਗ ਐ। ਅਜਿਹੇ ਇਲਾਕੇ ਅੰਦਰ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਐ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਆਪਣੀ ਮੌਜੂਦਗੀ ਵਾਲੇ ਇਲਾਕੇ ਵਿੱਚ ਹੀ ਕਾਨੂੰਨ-ਵਿਵਸਥਾ ਨੂੰ ਯਕੀਨੀ ਨਹੀਂ ਬਣਾ ਸਕਦੀ ਤਾਂ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ। ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਰਾਤ-ਦਿਨ ਪੈਟਰੋਲਿੰਗ ਵਧਾਉਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।

