ਤਰਨ ਤਾਰਨ ਜ਼ਿਮਨੀ ਚੋਣ ’ਚ ਆਪ ਦੀ ਸ਼ਾਨਦਾਰ ਜਿੱਤ; 2027 ਦਾ ਸੈਮੀਫਾਇਨਲ ਕਰਾਰ; ਦੂਜੇ ਨੰਬਰ ਤੇ ਅਕਾਲੀ ਦਲ, ਚੋਥੇ ਤੇ ਪੰਜਵੇਂ ’ਤੇ ਰਹੀ ਕਾਂਗਰਸ ਤੇ ਭਾਜਪਾ

0
66

ਤਰਨਤਾਰਨ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਲੋਕਾਂ ਨੇ ਹਰਮੀਤ ਸਿੰਘ ਸੰਧੂ ਦੇ ਹੱਕ ‘ਚ 42649 ਵੋਟਾਂ ਪਈਆਂ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਧਾਵਾ ਨੂੰ 30558 ਵੋਟਾਂ ਮਿਲੀਆਂ। ਤੀਜੇ ਨੰਬਰ ‘ਤੇ ‘ਵਾਰਿਸ ਪੰਜਾਬ ਦੇ’ ਮਨਦੀਪ ਸਿੰਘ ਖਾਲਸਾ ਨੂੰ 19620 ਵੋਟਾਂ ਮਿਲੀਆਂ। ਚੌਥੇ ਨੰਬਰ ‘ਤੇ ਕਾਂਗਰਸ ਦੇ ਕਰਨਬੀਰ ਸਿੰਘ ਨੂੰ 15078 ਵੋਟਾਂ ਹਾਸਲ ਹੋਈਆਂ ਜਦਕਿ ਭਾਜਪਾ ਦੇ ਹਰਜੀਤ ਸਿੰਘ ਸੰਧ 6239 ਵੋਟਾਂ ਲੈ ਕੇ ਪੰਜਵੇਂ ਨੰਬਰ ’ਤੇ ਰਹੇ। ਇਸ ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਵਿਧਾਇਕਾਂ ਦੀ ਗਿਣਤੀ 94 ਹੋ ਗਈ ਐ।
ਦੱਸਣਯੋਗ ਐ ਕਿ 11 ਨਵੰਬਰ ਨੂੰ ਹੋਈ ਵੋਟਿੰਗ ਵਿੱਚ 60.95% ਵੋਟਰਾਂ ਨੇ ਵੋਟ ਪਾਈ ਸੀ ਜਦਕਿ 2022 ਦੀਆਂ ਚੋਣਾਂ ਵਿੱਚ 65.81% ਵੋਟਿੰਗ ਹੋਈ ਸੀ ਅਤੇ ‘ਆਪ’ ਨੇ ਜਿੱਤ ਹਾਸਲ ਕੀਤੀ ਸੀ। ਇਸ ਵਾਰ 15 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਦਕਿ ਮੁੱਖ ਮੁਕਾਬਲਾ ‘ਆਪ’, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ–ਵਾਰਿਸ ਪੰਜਾਬ ਵਿਚਕਾਰ ਸੀ। ਵੋਟਾਂ ਦੀ ਗਿਣਤੀ 15 ਰਾਊਂਡਾਂ ਵਿੱਚ ਪੂਰੀ ਹੋਈ। ਉਧਰ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਅੰਦਰ ਜਸ਼ਨਾਂ ਦਾ ਮਾਹੌਲ ਐ, ਉੱਥੇ ਹੀ ਬਾਕੀ ਪਾਰਟੀਆਂ ਅੰਦਰ ਮਾਯੂਸੀ ਪਾਈ ਜਾ ਰਹੀ ਐ ਜਦਕਿ ਦੂਜੇ ਨੰਬਰ ਤੇ ਰਹਿਣ ਕਾਰਨ ਅਕਾਲੀ ਦਲ ਉਤਸ਼ਾਹਿਤ ਨਜ਼ਰ ਆ ਰਿਹਾ ਐ।
ਦੱਸਣਯੋਗ ਐ ਕਿ ਇਸ ਜ਼ਿਮਨੀ ਚੋਣ ਨੂੰ 2027 ਅਸੰਬਲੀ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਅਤੇ ਇਸ ਚੋਣ ਵਿਚ ਜਿੱਤ ਤੋਂ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਐ।  ਜਿੱਤ ਤੋਂ ਬਾਅਦ ਪੰਜਾਬ ‘ਆਪ’ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਨੇ ਸਾਥੀ ਮੰਤਰੀਆਂ ਸਮੇਤ ਪ੍ਰੈੱਸ ਕਾਨਫਰੰਸ ਕਰ ਕੇ ਲੋਕਾਂ ਦੇ ਫ਼ਤਵੇ ਦਾ ਸਵਾਗਤ ਕੀਤਾ ਤੇ ਪਾਰਟੀ ਦੇ ਵਰਕਰਾਂ ਨੂੰ ਦਿਨ-ਰਾਤ ਕੀਤੀ ਸਖ਼ਤ ਮਿਹਨਤ ਲਈ ਵਧਾਈ ਦਿੱਤੀ ਐ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇੱਕ ਲੈਂਡਸਲਾਈਡ, ਇੱਕ ਪਾਸੜ ਜਿੱਤ ਹੈ। ਉਨ੍ਹਾਂ ਨੇ ਕਿਹਾ ਇਹ ਪੰਜਾਬ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 3.5 ਸਾਲਾਂ ਦੇ ਕੰਮਾਂ ‘ਤੇ ਮੋਹਰ ਲਗਾਈ ਗਈ ਹੈ। ਇਸ ਦੌਰਾਨ ਅਮਨ ਅਰੋੜਾ ਨਾਲ ਮੰਤਰੀ ਲਾਲਜੀਤ ਸਿੰਘ ਭੁੱਲਰ, ਬਰਿੰਦਰ ਗੋਇਲ ਤੇ ਹਰਦਿਪ ਸਿੰਘ ਮੁੰਡੀਆਂ ਵੀ ਮੌਜੂਦ ਸਨ।
ਵਿਰੋਧੀ ਪਾਰਟੀਆਂ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਜੋ ਦੂਜੀਆਂ ਪਾਰਟੀਆਂ ਕੂੜ-ਪ੍ਰਚਾਰ ਕਰ ਰਹੀਆਂ ਸਨ। ਚਾਹੇ ਉਹ ਕਾਂਗਰਸ ਹੋਵੇ ਜਾਂ ਭਾਜਪਾ, ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਇਸ ਤੋਂ ਸਪੱਸ਼ਟ ਜ਼ਾਹਰ ਹੋ ਗਿਆ ਹੈ ਕਿ ਲੋਕ ਇਨ੍ਹਾਂ ਨੂੰ ਨਕਾਰ ਚੁੱਕੇ ਹਨ ਜਿਸ ਤਰ੍ਹਾਂ ਲੋਕਾਂ ਨੂੰ ਧਰਮਾਂ, ਮਜ਼ਬਾਂ ਤੇ ਫਿਰਕਿਆਂ ਦੇ ਆਧਾਰ ‘ਤੇ ਵੰਡਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਤੇ ਉਨ੍ਹਾਂ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦਲਿਤ ਭਾਈਚਾਰੇ ਲਈ ਵਰਤੀ, ਲੋਕਾਂ ਨੇ ਉਸ ਨੂੰ ਸਿਰੇ ਤੋਂ ਨਕਾਰ ਦਿੱਤਾ।  ਭਾਜਪਾ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਉਸ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਤੇ ਪੰਜਾਬੀਅਤ ਨੂੰ ਢਾਹ ਮਾਰੀ ਜਾਵੇ। ਲੋਕਾਂ ਨੇ ਭਾਜਪਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਚਾਹੇ ਜਲੰਧਰ ਵੈਸਟ ਦੀ ਸੀਟ ਹੋਵੇ, ਜਿੱਥੇ ਦਲਿਤ ਭਾਈਚਾਰੇ ਦੀ ਕਾਫ਼ੀ ਵੋਟ ਸੀ ਤੇ ਚਾਹੇ ਲੁਧਿਆਣਾ ਵੈਸਟ ਦੀ ਸ਼ਹਿਰੀ ਸੀਟ ਹੋਵੇ ਤੇ ਹੁਣ ਚਾਹੇ ਤਰਨ ਤਾਰਨ ਜੋ ਕਿ ਪੰਥਕ ਸੀਟ ਹੈ- ਇਹ ਸਾਰੀਆਂ ਹੀ ਅਲੱਗ-ਅਲੱਗ ਨੁਮਾਇੰਦਗੀ ਵਾਲੀਆਂ ਸੀਟਾਂ ਹਨ। ਇਹ ਅਲੱਗ ਧਰਮਾਂ, ਮਜ਼੍ਹਬਾਂ ਤੇ ਫਿਰਕਿਆਂ ਤੇ ਲਾਈਫਸਟਾਈਲ ਵਾਲੀਆਂ ਸੀਟਾਂ ਹਨ। ਇਨ੍ਹਾਂ ਤਿੰਨਾਂ ਸੀਟਾਂ ‘ਤੇ ‘ਆਪ’ ਦੀ ਜਿੱਤ ਤੋਂ ਪਤਾ ਚੱਲਦਾ ਹੈ ਕਿ ਸਾਡੀ ਪਾਰਟੀ ਹਰ ਇੱਕ ਦੀ ਪਸੰਦ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਇਸ ਚੋਣ ਨੂੰ 2027 ਦਾ ਸੈਮੀਫਾਈਨਲ ਕਹਿ ਰਹੀਆਂ ਸੀ, ਇਸ ਲਈ  ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਸੈਮੀ-ਫਾਈਨਲ ਜਿੱਤਿਆਂ ਐ ਇਸੇ ਤਰ੍ਹਾਂ 2027 ਦੇ ਫਾਈਨਲ ਵਿਚ ਵੀ ਸ਼ਾਨਦਾਰ ਜਿੱਤ ਦਰਜ ਕਰ ਕੇ ਪੰਜਾਬ ਵਾਸੀਆਂ ਦੀ ਸੇਵਾ ਕਰਦੀ ਰਹੇਗੀ।

 

LEAVE A REPLY

Please enter your comment!
Please enter your name here