
ਸੰਗਰੂਰ ਦੇ ਭਵਾਨੀਗੜ੍ਹ ਵਿਖੇ ਲੁਟੇਰਿਆਂ ਵੱਲੋਂ ਸ਼ਰਾਬ ਦਾ ਠੇਕਾ ਲੁੱਟਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਬਠਿੰਡਾ-ਚੰਡੀਗੜ੍ਹ ਤੇ ਪੈਂਦੇ ਅਜੀਤ ਨਗਰ ਇਲਾਕੇ ਦੀ ਐ। ਜਾਣਕਾਰੀ ਅਨੁਸਾਰ ਇੱਥੇ ਸਥਿਤ ਸ਼ਰਾਬ ਦੇ ਠੇਕੇ ’ਤੇ ਸ਼ਰਾਬ ਖਰੀਦ ਬਹਾਨੇ ਆਏ ਤਿੰਨ ਲੁਟੇਰੇ ਕਰਿੰਦੇ ਦੀ ਕੁੱਟਮਾਰ ਕਰ ਕੇ 43 ਹਜ਼ਾਰ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ।
ਮਾਲਵਾ ਲਿਕਰ ਕੰਪਨੀ ਸਰਕਲ ਭਵਾਨੀਗੜ੍ਹ ਦੇ ਠੇਕੇ ’ਤੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਕਰੀਬ 9 ਵਜੇ ਵਾਪਰੀ। ਤਿੰਨ ਨੌਜਵਾਨ ਸ਼ਰਾਬ ਖਰੀਦਣ ਦੇ ਬਹਾਨੇ ਠੇਕੇ ’ਤੇ ਆਏ, ਜਿਨ੍ਹਾਂ ਵਿੱਚੋਂ ਦੋ ਨੇ ਮੂੰਹ ਢੱਕੇ ਹੋਏ ਸਨ। ਅਚਾਨਕ ਹੀ ਉਨ੍ਹਾਂ ਨੇ ਲੋਹੇ ਦੇ ਹਥਿਆਰ ਕੱਢ ਕੇ ਕਰਿੰਦੇ ’ਤੇ ਹਮਲਾ ਕਰ ਦਿੱਤਾ ਅਤੇ ਕੈਸ਼ ਕਾਊਂਟਰ ਤੋਂ ਪੈਸੇ ਲੈ ਕੇ ਭਵਾਨੀਗੜ੍ਹ ਵੱਲ ਭੱਜ ਗਏ।
ਠੇਕੇਦਾਰ ਵੱਲੋਂ ਪੁਲਸ ਨੂੰ ਸੂਚਨਾ ਮਿਲਦੇ ਹੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਗਈ। ਦੂਜੇ ਪਾਸੇ, ਸ਼ਹਿਰ ਵਿੱਚ ਚੋਰੀ ਤੇ ਲੁੱਟ-ਖੋਹ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਹੀ ਦਸਮੇਸ਼ ਨਗਰ ਵਿਚ ਇਕ ਘਰ ਤੋਂ ਰਾਇਫਲ ਤੇ 20 ਰੌੰਦ ਚੋਰੀ ਹੋਏ ਸਨ। ਇਸ ਸਬੰਧੀ ਪੁਲਿਸ ਨੇ ਕਿਹਾ ਕਿ ਪੁਲਿਸ ਦੋਹਾਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


