ਪੰਜਾਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਰਪਾਲ ਚੀਮਾ; ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਟੇਕਿਆ ਮੱਥਾ; ਸਰਬੱਤ ਦੇ ਭਲੇ ਦੀ ਕੀਤੀ ਅਰਦਾਸ By admin - November 5, 2025 0 55 Facebook Twitter Pinterest WhatsApp ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਸਿੱਖ ਸੰਗਤਾਂ ਤੇ ਸਰਕਾਰੀ ਅਧਿਕਾਰੀ ਵੀ ਹਾਜ਼ਰ ਸਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਏਕਤਾ, ਪਿਆਰ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿੱਚ ਜਾਤ-ਪਾਤ ਅਤੇ ਧਾਰਮਿਕ ਵੰਡ ਦੀਆਂ ਗੱਲਾਂ ਦੁੱਖਦਾਈ ਹਨ, ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ, ਜਿੱਥੇ ਸਦਾ ਸਮਾਨਤਾ ਅਤੇ ਸਾਂਝ ਦੇ ਪਾਠ ਪੜ੍ਹਾਏ ਗਏ ਹਨ। ਚੀਮਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਜਾਤ-ਪਾਤ ਦੀ ਪ੍ਰਥਾ ਨੂੰ ਖਤਮ ਕਰਕੇ ਗੁਰੂ ਸਾਹਿਬਾਨ ਦੇ ਸੱਚੇ ਰਾਹ ‘ਤੇ ਚੱਲਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿਖਾਇਆ ਕਿ ਸਾਰੇ ਇਨਸਾਨ ਬਰਾਬਰ ਹਨ। ਇਹੀ ਗੁਰੂਘਰ ਦਾ ਉਪਦੇਸ਼ ਅਤੇ ਇਹੀ ਸਾਡੀ ਮਾਨਵਤਾ ਦੀ ਅਸਲ ਪਹਿਚਾਣ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਾਨੂੰ ਆਪਸੀ ਪ੍ਰੇਮ, ਸੇਵਾ ਅਤੇ ਸਮਾਨਤਾ ਦੇ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਅਤੇ ਦੁਨੀਆਂ ਭਰ ਦੀ ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਕਿ “ਮੇਰੀ ਅਰਦਾਸ ਹੈ ਕਿ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ, ਲੋਕ ਤਰੱਕੀ ਕਰਦੇ ਰਹਿਣ ਤੇ ਦੁਨੀਆਂ ਵਿੱਚ ਅਮਨ-ਚੈਨ ਬਣਿਆ ਰਹੇ। ਅੰਤ ਵਿੱਚ ਚੀਮਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਉਪਦੇਸ਼ ਸਾਨੂੰ ਸਿੱਖਾਉਂਦੇ ਹਨ ਕਿ ਸਮੁੱਚੀ ਮਾਨਵਤਾ ਇਕ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਮੇਸ਼ਾ ਸਾਡੇ ਜੀਵਨ ਦਾ ਰਾਹ ਦਰਸਾਉਂਦੀ ਰਹੇਗੀ।