ਕਾਂਗਰਸੀ ਆਗੂ ਡਾ. ਵੇਰਕਾ ਦਾ ਪੀਐਮ ਮੋਦੀ ਵੱਲ ਨਿਸ਼ਾਨਾ; ਚੰਨੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਚੁੱਕੇ ਸਵਾਲ; ਗੁਜਰਾਤ ਤੇ ਯੂਪੀ ਤੋਂ ਪੰਜਾਬੀਆਂ ਨੂੰ ਕੱਢਣ ਦਾ ਦਿੱਤਾ ਹਵਾਲਾ

0
59

ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਨੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਮੋੜਵਾਂ ਜਵਾਬ ਦਿੱਤਾ ਐ। ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚਰਨਜੀਤ ਸਿੰਘ ਚੰਨੀ ’ਤੇ ਬਿਹਾਰੀਆਂ ਨਾਲ ਵਿਤਕਰੇ ਦੇ ਇਲਜਾਮ ਲਾ ਰਹੇ ਨੇ ਜਦਕਿ ਉਹ ਖੁਦ 18 ਹਜ਼ਾਰ ਪੰਜਾਬੀਆਂ ਨੂੰ ਗੁਜਰਾਤ ਤੇ ਯੂਪੀ ਵਿਚੋਂ ਉਜਾੜਨ ਲਈ ਜ਼ਿੰਮੇਵਾਰ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਾਂਗਰਸੀ ਆਗੂਆਂ ਬਾਰੇ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰ ਲੈਣਾ ਚਾਹੀਦਾ ਐ।
ਵੇਰਕਾ ਨੇ ਕਿਹਾ ਕਿ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ, ਇੱਥੇ ਸਾਂਝ ਤੇ ਭਾਈਚਾਰੇ ਦੀ ਪਰੰਪਰਾ ਹੈ। ਕਾਂਗਰਸ ਦੇ ਸਮੇਂ ਕਿਸੇ ਵੀ ਬਿਹਾਰੀ ਜਾਂ ਯੂਪੀ ਦੇ ਵਿਅਕਤੀ ਨਾਲ ਕਦੇ ਕੋਈ ਭੇਦਭਾਵ ਨਹੀਂ ਹੋਇਆ ਪਰ ਮੋਦੀ ਜੀ, ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਹੋਣ ਸਮੇਂ 18 ਹਜ਼ਾਰ ਪੰਜਾਬੀਆਂ ਦੀ ਜ਼ਮੀਨ ਖੋਹ ਲਈ ਸੀ ਅਤੇ ਉਹਨਾਂ ਨੂੰ ਖੇਤਾਂ ਤੋਂ ਬੇਦਖ਼ਲ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਇਸ ਮਾਮਲੇ ਬਾਰੇ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਇਸਦੇ ਨਾਲ ਹੀ ਵੇਰਕਾ ਨੇ ਦੋਸ਼ ਲਗਾਇਆ ਕਿ ਯੂ.ਪੀ. ਵਿੱਚ ਯੋਗੀ ਸਰਕਾਰ ਨੇ ਤਿੰਨ ਹਜ਼ਾਰ ਪੰਜਾਬੀਆਂ ਦੀ ਜ਼ਮੀਨ ਹੜਪ ਲਈ ਸੀ, ਜਿਸ ਨੂੰ ਲੈਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਤਰਾਜ ਜ਼ਾਹਿਰ ਕੀਤਾ ਸੀ।
ਡਾ. ਵੇਰਕਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਮੋਦੀ ਜੀ, ਤੁਸੀਂ ਕਾਂਗਰਸ ਨੂੰ ਦੇਸ਼ਭਗਤੀ ਦਾ ਪਾਠ ਨਾ ਪੜ੍ਹਾਓ। ਦੇਸ਼ ਵੀ ਜਾਣਦਾ ਹੈ ਤੇ ਦੁਨੀਆ ਵੀ ਕਿ ਤੁਸੀਂ ਕੌਣ ਹੋ ਅਤੇ ਤੁਹਾਡੇ ਕੰਮ ਕਿਹੋ ਜਿਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਧਰਮ, ਜਾਤੀ ਅਤੇ ਸੂਬੇ ਦੇ ਲੋਕਾਂ ਨੂੰ ਇੱਜ਼ਤ ਦਿੱਤੀ ਜਾਂਦੀ ਹੈ, ਇਹੋ ਹੀ ਪੰਜਾਬ ਦੀ ਸਾਂਝੀ ਸਭਿਆਚਾਰਕ ਪਛਾਣ ਹੈ।

LEAVE A REPLY

Please enter your comment!
Please enter your name here