
ਅਬੋਹਰ ਚੋਂ ਲੰਘਦੀ ਕੇਐਸਡੀ ਨਹਿਰ ਵਿਚ ਅੱਜ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਲੋਕਾਂ ਨੇ ਨਹਿਰ ਵਿਚ ਭਾਰੀ ਮਾਤਰਾ ਵਿਚ ਡੋਡਾ ਪੋਸਤ ਤੈਰਦਾ ਹੋਇਆ ਦੇਖਿਆ। ਡੋਡਾ ਪੋਸਤ ਨੂੰ ਵੇਖ ਕੇ ਆਸਪਾਸ ਦੇ ਪਿੰਡਾਂ ਦੇ ਲੋਕ ਲੱਡੂਆਂ ਵਾਂਗ ਡੋਡਾ ਪੋਸਤ ਉਤੇ ਟੁੱਟ ਪਏ ਅਤੇ ਪਾਣੀ ਵਿੱਚ ਵੜ ਕੇ ਬੋਰੀਆਂ ਅਤੇ ਬਾਲਟੀਆਂ ਵਿੱਚ ਪੋਸਤ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਹਟਾ ਕੇ ਪੋਸਤ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਸਥਾਨਕ ਲੋਕਾਂ ਅਨੁਸਾਰ, ਸਵੇਰੇ ਨਹਿਰ ਵਿੱਚ ਤੈਰਦਾ ਸਮਾਨ ਦੇਖ ਕੇ ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਕੋਈ ਕਚਰਾ ਹੈ, ਪਰ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਉਹ ਡੋਡਾ ਪੋਸਤ ਨਿਕਲਿਆ। ਇਹ ਖ਼ਬਰ ਕੁਝ ਹੀ ਮਿੰਟਾਂ ਵਿੱਚ ਇਲਾਕੇ ਵਿੱਚ ਫੈਲ ਗਈ ਅਤੇ ਲੋਕ ਵੱਡੀ ਗਿਣਤੀ ਵਿੱਚ ਨਹਿਰ ਵੱਲ ਦੌੜ ਪਏ। ਕੁਝ ਲੋਕਾਂ ਨੇ ਤਾਂ ਡੋਡਾ ਪੋਸਤ ਨੂੰ ਕੱਢ ਕੇ ਘਰ ਲਿਜਾਣ ਦੀ ਕੋਸ਼ਿਸ਼ ਵੀ ਕੀਤੀ।
ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਸਥਾਨਕ ਪੁਲਿਸ ਨੇ ਲੋਕਾਂ ਨੂੰ ਨਹਿਰ ਤੋਂ ਬਾਹਰ ਆਉਣ ਦੀ ਅਪੀਲ ਕੀਤੀ। ਪੁਲਿਸ ਨੇ ਡੋਡਾ ਪੋਸਤ ਦੀ ਮਾਤਰਾ ਦਾ ਅੰਦਾਜ਼ਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਹੈ ਕਿ ਇਹ ਨਸ਼ਾ ਤਸਕਰਾਂ ਵੱਲੋਂ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਨਹਿਰ ਵਿੱਚ ਸੁੱਟਿਆ ਗਿਆ ਹੋ ਸਕਦਾ ਹੈ।
ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਡੋਡਾ ਪੋਸਤ ਜਾਂ ਕਿਸੇ ਵੀ ਨਸ਼ੀਲੇ ਪਦਾਰਥ ਨੂੰ ਇਕੱਠਾ ਕਰਨਾ ਜਾਂ ਰੱਖਣਾ ਕਾਨੂੰਨੀ ਤੌਰ ਤੇ ਦੰਡਣਯੋਗ ਅਪਰਾਧ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਨਹਿਰ ਵਿੱਚ ਡੋਡਾ ਪੋਸਤ ਆਉਣ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ।ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸਰਹੱਦੀ ਇਲਾਕਿਆਂ ਵਿੱਚ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਨਸ਼ਾ ਤਸਕਰਾਂ ਵੱਲੋਂ ਪਕੜ ਤੋਂ ਬਚਣ ਲਈ ਸਮਾਨ ਨੂੰ ਨਹਿਰਾਂ ਜਾਂ ਖਾਲਿਆਂ ਵਿੱਚ ਸੁੱਟ ਦਿੱਤਾ ਜਾਂਦਾ ਹੈ।


