ਸੰਗਰੂਰ ਦੇ ਕਿਸਾਨਾਂ ਦੀ ਪਰਾਲੀ ਨੂੰ ਲੈ ਕੇ ਚਿਤਾਵਨੀ; ਬੈਲਰ ਮਸ਼ੀਨ ਛੇਤੀ ਮੁਹੱਈਆ ਕਰਵਾਉਣ ਦੀ ਮੰਗ; ਮਸਲਾ ਹੱਲ ਨਾ ਹੋਣ ’ਤੇ ਪਰਾਲੀ ਸਾੜਣ ਦੀ ਧਮਕੀ

0
51

 

ਪਰਾਲੀ ਦੇ ਨਿਪਟਾਰੇ ਨੂੰ ਲੈ ਕੇ ਕੁੱਝ ਥਾਵਾਂ ’ਤੇ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਠੱਣ ਗਈ ਐ। ਇਸੇ ਨੂੰ ਲੈ ਕੇ ਅੱਜ ਭਵਾਨੀਗੜ੍ਹ ਨੇੜਲੇ ਪਿੰਡ ਸਕਰੋਤੀ ਵਿਖੇ ਇਕੱਠਾ ਹੋਏ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਨਾਰਾਜਗੀ ਜਾਹਰ ਕੀਤੀ। ਕਿਸਾਨਾਂ ਦਾ ਕਹਿਣਾ ਐ ਕਿ ਉਹ ਦੋ ਹਫਤੇ ਪਹਿਲਾਂ ਝੋਨੇ ਦੀ ਫਸਲ ਕੱਟ ਚੁੱਕੇ ਨੇ ਪਰ ਪਰਾਲੀ ਦੇ ਨਿਪਟਾਰੇ ਨੂੰ ਲੈ ਕੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਛੇਤੀ ਬੈਲਰ ਮਸ਼ੀਨਾਂ ਮੁਹੱਈਆ ਕਰਵਾ ਕੇ ਪਰਾਲੀ ਨਾ ਚੁਕਵਾਈ ਤਾਂ ਉਹ ਪਰਾਲੀ ਨੂੰ ਅੱਗ ਹਵਾਲੇ ਕਰਨ ਲਈ ਮਜਬੂਰ ਹੋਣਗੇ।
ਕਿਸਾਨਾਂ ਨੇ ਗਿਲਾ ਜਾਹਰ ਕੀਤਾ ਕਿ ਫਸਲ ਕੱਟਣ ਤੋਂ ਮਹੀਨਾ ਪਹਿਲਾਂ ਪ੍ਰਸ਼ਾਸਨ ਸਾਡੇ ਨਾਲ ਮੀਟਿੰਗਾਂ ਕਰਦਾ ਰਿਹਾ ਐ ਅਤੇ ਗੁਰਦੁਆਰਾ ਸਾਹਿਬਾਨਾਂ ਤੋਂ ਅਨਾਉਂਸਮੈਂਟਾਂ ਕਰਵਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਪ੍ਰੇਰਿਤ ਕਰਦਾ ਰਿਹਾ ਐ ਪਰ ਹੁਣ ਜਦੋਂ ਉਨ੍ਹਾਂ ਦੀ ਝੋਨੇ ਦੀ ਫਸਲ ਕੱਟੀ ਨੂੰ 15 ਦਿਨ ਤੋਂ ਵਧੇਰੇ ਸਮਾਂ ਬੀਤ ਚੁੱਕਾ ਐ ਤਾਂ ਪ੍ਰਸ਼ਾਸਨ ਗਾਇਬ ਹੋ ਗਿਆ ਐ ਜਦਕਿ ਪਰਾਲੀ ਸਾੜਣ ਤੇ ਝੱਟ ਆ ਹਾਜ਼ਰ ਹੁੰਦਾ ਐ।  ਕਿਸਾਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਪਰਾਲੀ ਨਾ ਚੱਕੀ ਗਈ ਤਾਂ ਕਣਕ ਦੀ ਬਿਜਾਈ ਹੋਵੇਗੀ ਲੇਟ ਅਤੇ ਬਿਜਾਈ ਦੌਰਾਨ ਗਿੱਲ ਵੀ ਸੁੱਕ ਰਹੀ ਹੈ।
ਕਿਸਾਨਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਤਕਰੀਬਨ 6000 ਵਿੱਗੇ ਦਾ ਏਰੀਆ ਹੈ ਪਰ ਇੱਕ ਵੀ ਬੈਲਰ ਮਸ਼ੀਨ ਨਾ ਹੋਣ ਕਰਕੇ ਅਸੀਂ ਪਰੇਸ਼ਾਨ ਹੋ ਰਹੇ ਹਾਂ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਤੁਹਾਨੂੰ ਮਸ਼ੀਨਾਂ ਮੁਹਈਆ ਕਰਵਾਈਆਂ ਜਾਣਗੀਆਂ ਕਿਸੇ ਵੀ ਕਿਸਾਨ ਨੇ ਖੇਤਾਂ ਨੂੰ ਅੱਗ ਨਹੀਂ ਲਾਉਣੀ ਜੇਕਰ ਕਿਸੇ ਕਿਸਾਨ ਨੇ ਅੱਗ ਲਗਾਈ ਤਾਂ ਉਸਦੇ ਪਰਚਾ ਹੋਵੇਗਾ ਤੇ ਰੈਡ ਐਂਟਰੀ ਪਾਈ ਜਾਵੇਗੀ ਪਰ ਹੁਣ ਜਦੋਂ ਕਿਸਾਨ ਫਸਲ ਕੱਟ ਚੁੱਕਿਆ ਹੈ ਤਾਂ ਕੋਈ ਵੀ ਅਧਿਕਾਰੀ ਸਾਰ ਲੈਣ ਨਹੀਂ ਪਹੁੰਚ ਰਿਹਾ।
ਕਿਸਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਸਾਡੀ ਫਸਲ ਪਹਿਲਾਂ ਹੀ ਅੱਧ ਵਾਂਗੂ ਘੱਟ ਨਿਕਲੀ ਹੈ ਜਿਸ ਨਾਲ ਸਾਡੇ ਖਰਚੇ ਵੀ ਪੂਰੇ ਨਹੀਂ ਹੁੰਦੇ ਜੇਕਰ ਅਗਲੀ ਕਣਕ ਦੀ ਫਸਲ ਦੀ ਬਜਾਈ ਵੀ ਲੇਟ ਹੋ ਗਈ ਤਾਂ ਸਾਨੂੰ ਉਸ ਵਿੱਚ ਵੀ ਘਾਟਾ ਪਵੇਗਾ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਉਹਨਾਂ ਕਿਹਾ ਜੇਕਰ ਪ੍ਰਸ਼ਾਸਨ ਨੇ ਦੋ ਜਾਂ ਤਿੰਨ ਦਿਨਾਂ ਵਿੱਚ ਸਾਡੀ ਸਾਰ ਨਾ ਲਈ ਤਾਂ ਸਾਨੂੰ ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਪਵੇਗੀ। ਕਿਸਾਨਾਂ ਨੇ ਗਿਲਾ ਜਾਹਰ ਕੀਤਾ ਕਿ ਜੇਕਰ ਪ੍ਰਸ਼ਾਸਨ ਨੂੰ ਖੇਤਾਂ ਵਿੱਚ ਲੱਗੀ ਅੱਗ ਦਾ ਪਤਾ ਸੈਟਾਲਾਈਟ ਰਾਹੀਂ ਲੱਗ ਸਕਦਾ ਹੈ ਤਾਂ ਖੇਤਾਂ ਵਿੱਚ ਪਈ ਪਰਾਲੀ ਕਿਉਂ ਦਿਖਾਈ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜਾਂ ਪ੍ਰਸ਼ਾਸਨ ਪਰਾਲੀ ਦੇ ਨਿਪਟਾਰੇ ਵਿਚ ਮਦਦ ਕਰੇ ਜਾਂ ਅੱਗ ਲਾਉਣ ਦੀ ਇਜਾਜਤ ਦੇਵੇ ਤਾਂ ਜੋ ਉਹ ਆਪਣੀ ਅਗਲੀ ਫਸਲ ਬੀਜਣ ਦੀ ਤਿਆਰੀ ਕਰ ਸਕਣ।

LEAVE A REPLY

Please enter your comment!
Please enter your name here