
ਜਲੰਧਰ ਦਿਹਾਤੀ ਦੇ ਫਿਲੌਰ ਥਾਣੇ ਦੇ ਐਸਐਚਓ ਨੂੰ ਵਿਵਾਦਿਤ ਆਡੀਓ ਵਾਇਰਲ ਮਾਮਲੇ ਵਿਚ ਲਾਈਨ ਹਾਜ਼ਰ ਕਰ ਦਿੱਤਾ ਐ। ਦਰਅਸਲ ਥਾਣਾ ਮੁਖੀ ਕੋਲ ਇਕ ਰੇਪ ਪੀੜਤਾ ਦਾ ਮਾਮਲਾ ਆਇਆ ਸੀ, ਜਿਸ ਦੀ ਜਾਂਚ ਦੌਰਾਨ ਉਸ ਵੱਲੋਂ ਰੇਪ ਪੀੜਤਾ ਤੇ ਉਸ ਦੀ ਮਾਂ ਨਾਲ ਗਲਤ ਇਰਾਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਹਨ। ਪੀੜਤਾਂ ਨੇ ਥਾਣਾ ਮੁਖੀ ਨਾਲ ਹੋਈ ਫੋਨ ਗੱਲਬਾਤ ਦੀ ਆਡੀਓ ਵੀ ਵਾਇਰਲ ਕੀਤੀ ਐ, ਜਿਸ ਵਿਚ ਥਾਣਾ ਮੁਖੀ ਪੀੜਤਾਂ ਨੂੰ ਮਿਲਣ ਲਈ ਦਬਾਅ ਬਣਾ ਰਿਹਾ ਐ। ਪੀੜਤਾਂ ਦੇ ਹੱਕ ਵਿਚ ਨਿਤਰੀਆਂ ਜਥੇਬੰਦੀਆਂ ਨੇ ਐਸਐਚਓ ਭੂਸ਼ਣ ਕੁਮਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਆਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਨਾਬਾਲਿਗ ਬਲਾਤਕਾਰ ਪੀੜਤਾ ਦੀ ਮਾਂ ਦੇ ਦੱਸਣ ਮੁਤਾਬਕ ਥਾਣਾ ਮੁਖੀ ਨੇ ਉਸ ਦੀ ਧੀ ਨਾਲ ਹੋਏ ਬਲਾਤਕਾਰ ਦੀ ਖੁਦ ਜਾਂਚ ਕਰਨ ਬਹਾਨੇ ਗਲਤ ਢੰਗ ਨਾਲ ਛੂਹਿਆ ਸੀ। ਇੰਨਾ ਹੀ ਨਹੀਂ, ਉਸ ਨੇ ਬਾਅਦ ਵਿਚ ਪੀੜਤਾ ਦੀ ਮਾਂ ਨੂੰ ਵੀ ਸਰਕਾਰੀ ਰਿਹਾਇਸ਼ ਤੇ ਇਕੱਲੇ ਆ ਕੇ ਮਿਲਣ ਲਈ ਫੋਨ ਕੀਤਾ ਸੀ, ਜਿਸ ਦੀ ਆਡੀਓ ਵਾਇਰਲ ਹੋਈ ਐ। ਐਸਐਚਓ ਵੱਲੋਂ ਵਾਰ-ਵਾਰ ਫੋਨ ਆਉਣ ਤੋਂ ਬਾਅਦ, ਉਸਨੇ ਆਪਣੇ ਪਤੀ ਨੂੰ ਸਭ ਕੁਝ ਦੱਸਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਬੁੱਧਵਾਰ ਨੂੰ ਐਸਐਚਓ ਵਿਰੁੱਧ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ, ਪੀਪਲਜ਼ ਇਨਸਾਫ਼ ਮੰਚ ਪੰਜਾਬ ਨੇ ਇਸ ਘਟਨਾ ਨੂੰ ਲੈ ਕੇ ਫਿਲੌਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ।
ਪੀੜਤਾ ਅਤੇ ਉਸਦੀ ਮਾਂ ਨੇ ਦੱਸਿਆ ਕਿ 23 ਅਤੇ 24 ਅਗਸਤ ਦੀ ਰਾਤ ਨੂੰ, ਕੁੜੀ ਨਾਲ ਉਨ੍ਹਾਂ ਦੇ ਗੁਆਂਢੀ ਰੋਸ਼ਨ ਨੇ ਜਬਰ ਜਨਾਹ ਕੀਤਾ ਸੀ। ਉਹ ਪੀੜਤਾ ਨੂੰ ਫਿਲੌਰ ਸਿਵਲ ਹਸਪਤਾਲ ਵਿੱਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਫਿਲੌਰ ਪੁਲਿਸ ਸਟੇਸ਼ਨ ਜਾਣ ਦੀ ਸਲਾਹ ਦਿੱਤੀ। ਫਿਰ ਪੂਰਾ ਪਰਿਵਾਰ ਰਿਪੋਰਟ ਦਰਜ ਕਰਵਾਉਣ ਲਈ ਫਿਲੌਰ ਪੁਲਿਸ ਸਟੇਸ਼ਨ ਗਿਆ। ਸਟੇਸ਼ਨ ਹਾਊਸ ਅਫਸਰ ਭੂਸ਼ਣ ਕੁਮਾਰ ਨੇ ਕੁੜੀ ਅਤੇ ਉਸਦੀ ਮਾਂ, ਚੁੰਨੀ ਦੇਵੀ ਨੂੰ ਥਾਣੇ ਦੇ ਅੰਦਰ ਇੱਕ ਕਮਰੇ ਵਿੱਚ ਭੇਜ ਦਿੱਤਾ।
ਚੁੰਨੀ ਦੇਵੀ ਦਾ ਦੋਸ਼ ਹੈ ਕਿ ਜਾਂਚ ਦੇ ਬਹਾਨੇ ਭੂਸ਼ਣ ਕੁਮਾਰ ਨੇ ਨਾਬਾਲਗ ਕੁੜੀ ਨਾਲ ਵਾਰ ਵਾਰ ਛੇੜਛਾੜ ਕੀਤੀ। ਜਦੋਂ ਮਾਂ ਨੇ ਵਿਰੋਧ ਕੀਤਾ, ਤਾਂ ਸਟੇਸ਼ਨ ਹਾਊਸ ਅਫਸਰ ਨੇ ਕੁੜੀ ਨੂੰ ਛੱਡ ਦਿੱਤਾ। ਕੁੜੀ ਨੂੰ ਛੱਡਣ ਤੋਂ ਬਾਅਦ, ਭੂਸ਼ਣ ਕੁਮਾਰ ਨੇ ਉਸਦੀ ਮਾਂ ਨਾਲ ਵੀ ਉਸੇ ਤਰ੍ਹਾਂ ਛੇੜਛਾੜ ਕੀਤੀ ਅਤੇ ਕਿਹਾ ਕਿ ਜੇਕਰ ਦੋਸ਼ੀ ਨੂੰ ਸਖ਼ਤ ਸਜ਼ਾ ਦੇਣੀ ਹੈ, ਤਾਂ ਉਸਨੂੰ ਉਸ ਮੁਤਾਬਕ ਚੱਲਣਾ ਪਵੇਗਾ। ਇਸ ਤੋਂ ਬਾਦ ਉਸ ਨੇ ਪੀੜਤਾਂ ਨੂੰ ਵਾਰ ਵਾਰ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਇਕੱਲੇ ਮਿਲਣ ਲਈ ਦਬਾਅ ਪਾਇਆ ਜਿਸ ਦੀ ਆਡੀਓ ਰਿਕਾਰਡਿੰਗ ਪਰਿਵਾਰ ਕੋਲ ਉਪਲਬਧ ਹੈ।
ਪੀੜਤਾ ਦੀ ਮਾਂ ਚੁੰਨੀ ਦੇਵੀ ਨੇ ਕਿਹਾ ਕਿ ਉਹ ਆਪਣੀ ਧੀ ਲਈ ਇਨਸਾਫ਼ ਮੰਗਣ ਲਈ ਪੁਲਿਸ ਸਟੇਸ਼ਨ ਗਈਆਂ ਸਨ, ਪਰ ਉੱਥੇ ਥਾਣਾ ਮੁਖੀ ਨੇ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਦਿੱਤਾ। ਪਰਿਵਾਰ ਨੇ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੀੜਤਾਂ ਨੇ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਵੀ ਇਨਾਸਫ ਲਈ ਪੱਤਰ ਲਿਖੇ ਹਨ। ਇਸੇ ਦੌਰਾਨ ਪੀੜਤਾਂ ਦੇ ਹੱਕ ਨਿਤਰੀਆਂ ਜਥੇਬੰਦੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਜਥੇਬੰਦੀ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰ੍ਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।


