ਸ਼ਰਧਾ ਨਾਲ ਮਨਾਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ; ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਦ੍ਰਿਸ਼

0
55

 

ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਪਣੀ ਭਗਤੀ ਅਤੇ ਪ੍ਰੇਮ ਪ੍ਰਗਟਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਬੈਰਾਗ ਤੇ ਨਿਮਰਤਾ ਦੀ ਮੂਰਤ ਹਨ, ਜਿਨ੍ਹਾਂ ਨੇ ਮਨੁੱਖਤਾ ਨੂੰ ਸੇਵਾ, ਸਿਮਰਨ ਅਤੇ ਨਿਵਿਰਤਾ ਦਾ ਮਾਰਗ ਦਿੱਤਾ। ਗਿਆਨੀ ਜੀ ਨੇ ਅੱਗੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਦੀ ਸੰਗਤ ਵੱਲੋਂ ਬੜੇ ਚਾਵ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਇਸ ਸੰਬੰਧ ਵਿੱਚ ਸਵੇਰੇ 8:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਇ ਸਾਹਿਬ ਵਿਖੇ ਸੁੰਦਰ ਜਲਾਉ ਸਜਾਏ ਗਏ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਦਿਨ ਭਰ ਗੁਰਮਤਿ ਸਮਾਗਮ ਹੋਏ ਜਿੱਥੇ ਰਾਗੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਦੇ ਮਨਾਂ ਨੂੰ ਆਤਮਕ ਰੰਗ ਵਿੱਚ ਰੰਗ ਦਿੱਤਾ।
ਸ਼ਾਮ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਦੀਪਮਾਲਾ ਦੀ ਰੌਣਕ ਨੇ ਪੂਰੇ ਦਰਬਾਰ ਸਾਹਿਬ ਪਰਿਕਰਮਾ ਨੂੰ ਅਲੌਕਿਕ ਪ੍ਰਕਾਸ਼ ਨਾਲ ਭਰ ਦਿੱਤਾ। ਇਸ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ ਜਿਸਨੂੰ ਦੇਖਣ ਲਈ ਸੰਗਤਾਂ ਦੀ ਵੱਡੀ ਗਿਣਤੀ ਮੌਜੂਦ ਸੀ। ਰਾਤ ਦੇ ਦੀਵਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਜੇ ਜਿੱਥੇ ਭਾਈ ਦਵਿੰਦਰ ਸਿੰਘ ਸੁਹਾਣੇ ਵਾਲੇ ਨੇ ਸੁਰੀਲੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਫਿਰ ਗਿਆਨੀ ਇੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਦੇ ਉਪਦੇਸ਼ਾਂ ਨਾਲ ਜੋੜਿਆ। ਰਾਤ ਨੂੰ ਕਵੀ ਦਰਬਾਰ ਦਾ ਆਯੋਜਨ ਹੋਇਆ ਜੋ ਦੇਰ ਰਾਤ ਤੱਕ ਚੱਲਦਾ ਰਿਹਾ। ਅੰਤ ਵਿੱਚ ਗਿਆਨੀ ਰਘਬੀਰ ਸਿੰਘ ਨੇ ਸੰਸਾਰ ਭਰ ਦੀ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਦਿੱਤੀਆਂ ਅਤੇ ਅਪੀਲ ਕੀਤੀ ਕਿ ਸਾਰੇ ਗੁਰੂ ਘਰ ਆ ਕੇ ਦੀਵਾਨਾਂ ਵਿੱਚ ਹਾਜ਼ਰੀ ਭਰਨ, ਗੁਰੂ ਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ।

LEAVE A REPLY

Please enter your comment!
Please enter your name here