ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਰਾਜਪਾਲ ਕਟਾਰੀਆ; ਸਿਹਤ ਦਾ ਜਾਣਿਆ ਹਾਲ; ਕਿਹਾ, 1600 ਕਰੋੜ ਕੇਵਲ ਟੋਕਨ, ਅਜੇ ਹੋਰ ਮਿਲੇਗੀ ਮਦਦ

0
3

 

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਮੁੱਖ ਮੰਤਰੀ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਮੋਦੀ ਵਲੋਂ 2-3 ਵਾਰ ਮੁੱਖ ਮੰਤਰੀ ਦੀ ਸਿਹਤ ਬਾਰੇ ਪੁੱਛਿਆ ਗਿਆ ਸੀ ਅਤੇ ਉਹ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਮਾਨ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ ਸੀ। ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ‘ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਕੋਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਗੱਲਬਾਤ ਬਾਰੇ ਪੁੱਛਿਆ।
ਉਨ੍ਹਾਂ ਕਿਹਾ ਕਿ ਮੁਲਾਂਕਣ ਤੋਂ ਬਾਅਦ ਜੋ ਵੀ ਪੰਜਾਬ ਦੀ ਮਦਦ ਕੀਤੀ ਜਾ ਸਕਦੀ ਹੈ, ਉਹ ਕੇਂਦਰ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨ ਪੰਜਾਬ ‘ਚ ਹੜ੍ਹਾਂ ਦੀ ਤਬਾਹੀ ਕਾਰਨ ਜੋ ਹਾਲਾਤ ਦੇਖੇ, ਉਹ ਉਨ੍ਹਾਂ ਨੂੰ ਹਿਮਾਚਲ ਤੋਂ ਵੀ ਜ਼ਿਆਦਾ ਗੰਭੀਰ ਲੱਗੇ। ਰਾਜਪਾਲ ਨੇ ਦੱਸਿਆ ਕਿ 3 ਦਿਨ ਪਹਿਲਾਂ ਕੇਂਦਰ ਦੀ ਟੀਮ ਵੀ ਪੰਜਾਬ ਆਈ ਸੀ ਅਤੇ ਸਾਰੇ ਹਾਲਾਤ ਦੇਖ ਕੇ ਗਈ ਹਨ। ਇਨ੍ਹਾਂ ਸਾਰੀਆਂ ਰਿਪੋਰਟਾਂ ਦੇ ਆਧਾਰ ‘ਤੇ ਕੇਂਦਰ ਸਰਕਾਰ ਪੰਜਾਬ ਦੀ ਪੂਰੀ ਮਦਦ ਕਰੇਗੀ।
ਰਾਜਪਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਦਾ ਮਦਦ ਕਰਨ ਦਾ ਇਕ ਫਾਰਮੂਲਾ ਹੈ। ਜਿਹੜਾ ਰਾਹਤ ਦਾ ਪੈਸਾ ਹੁੰਦਾ ਹੈ, ਉਹ ਤਾਂ ਖ਼ੁਦ ਹੀ ਸੂਬਿਆਂ ਦੇ ਖ਼ਾਤਿਆਂ ‘ਚ ਚਲਾ ਜਾਂਦਾ ਹੈ ਪਰ ਜਦੋਂ ਇਸ ਤਰ੍ਹਾਂ ਦੇ ਵਿਸ਼ੇਸ਼ ਹਾਲਾਤ ਬਣਦੇ ਹਨ ਤਾਂ ਉਸ ਦਾ ਮੁਲਾਂਕਣ ਕਰਨ ਲਈ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਆਉਂਦੀਆਂ ਹਨ। ਇਸ ਤੋਂ ਬਾਅਦ ਸਾਰੀ ਰਿਪੋਰਟ ਦੇ ਆਧਾਰ ‘ਤੇ ਸੂਬਿਆਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਜੇ ਇਹ ਮੁਲਾਂਕਣ ਪਾਣੀ ਘੱਟਣ ਤੋਂ ਬਾਅਦ ਹੀ ਹੋ ਸਕੇਗਾ। ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਪੰਜਾਬ ਦੀ ਮਦਦ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 100 ਫ਼ੀਸਦੀ ਹੋਰ ਮਦਦ ਆਵੇਗੀ।

LEAVE A REPLY

Please enter your comment!
Please enter your name here