
ਗੁਰਦਾਸਪੁਰ ਦੇ ਬਿਆਸ ਦਰਿਆ ਕੰਢੇ ਕਿਸਾਨਾਂ ਦਾ ਦਰਦ ਇਕ ਵਾਰ ਫਿਰ ਛਲਕਿਆ ਐ। ਇੱਥੇ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਗੰਨੇ ਦੀ ਫਸਲ ਹੜ੍ਹ ਤੇ ਸੇਮ ਦੇ ਪਾਣੀ ਦੀ ਮਾਰ ਹੇਠਾਂ ਆ ਗਈ ਐ। ਕਿਸਾਨਾਂ ਦੇ ਦੱਸਣ ਮੁਤਾਬਕ 23 ਦੇ ਹੜ੍ਹਾਂ ਕਾਰਨ ਉਨ੍ਹਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਸੀ। ਉਨ੍ਹਾਂ ਨੇ ਕਾਫੀ ਮਿਹਨਤ ਤੋਂ ਬਾਅਦ ਜ਼ਮੀਨਾਂ ਪੱਧਰੀਆਂ ਕਰ ਕੇ ਗੰਨੇ ਦੀ ਪਹਿਲੀ ਫਸਲ ਤਿਆਰ ਕੀਤੀ ਸੀ ਜੋ ਹੁਣ ਪੂਰੀ ਤਰ੍ਹਾਂ ਤਿਆਰ ਸੀ ਪਰ ਖੇਤਾਂ ਵਿਚ ਪਾਣੀ ਭਰਨ ਕਾਰਨ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ ਐ। ਕਿਸਾਨਾਂ ਨੇ ਕਿਹਾ ਕਿ ਸਾਨੂੰ ਰਾਹਤ ਵਜੋਂ ਸਾਜੋ ਸਮਾਨ ਦੀ ਲੋੜ ਨਹੀਂ ਐ ਬਲਕਿ ਖੇਤਾਂ ਵਿਚੋਂ ਪਾਣੀ ਕੱਢਣ ਦਾ ਪ੍ਰਬੰਧ ਕਰ ਦਿੱਤਾ ਜਾਵੇ।
ਕਿਸਾਨਾਂ ਦੇ ਦੱਸਣ ਮੁਤਾਬਕ ਕਸਬਾ ਕਾਹਨੂਵਾਨ ਵਿੱਚ ਪੈਂਦੇ ਬੇਟ ਇਲਾਕੇ ਦੀ ਹਰ ਪੈਲੀ ਵਿੱਚ ਪੰਜ ਤੋਂ ਸੱਤ ਫੁੱਟ ਪਾਣੀ ਹੈ। ਹਜ਼ਾਰਾਂ ਏਕੜ ਗੰਨੇ ਦੀ ਅਤੇ ਝੋਨੇ ਦੀ ਫਸਲ ਤਬਾਹ ਹੋਣ ਦੀ ਕਗਾਰ ਤੇ ਹੈ। ਝੋਨਾ ਬਿਲਕੁਲ ਹੀ ਮਰ ਚੁੱਕਾ ਹੈ ਅਤੇ ਪੱਠੇ ਬਰਬਾਦ ਹੋ ਗਏ ਹਨ। ਜਦਕਿ ਗੰਨੇ ਦੀ ਫਸਲ ਦਾ ਕੁੱਝ ਬਚਾਅ ਐ ਅਤੇ ਜੇਕਰ ਪਾਣੀ ਦੀ ਨਿਕਾਸੀ ਛੇਤੀ ਨਾ ਹੋਈ ਤਾਂ ਉਹ ਫਸਲ ਵੀ ਬਰਬਾਦ ਹੋ ਜਾਵੇਗੀ।
ਕਿਸਾਨਾਂ ਦਾ ਕਹਿਣਾ ਐ ਕਿ 2023 ਵਿਚ ਉਨ੍ਹਾਂ ਦੀਂਆਂ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਸਨ। ਉਨ੍ਹਾਂ ਨੇ ਕਾਫੀ ਮਿਹਨਤ ਤੋਂ ਬਾਅਦ ਜਮੀਨਾਂ ਮੁੜ ਆਬਾਦ ਕਰ ਕੇ ਗੰਨੇ ਦੀ ਫਸਲ ਤਿਆਰ ਕੀਤੀ ਸੀ ਜੋ ਹੁਣ 2025 ਵਿਚ ਮੁੜ ਪਾਣੀ ਦੀ ਮਾਰ ਹੇਠਾ ਆ ਗਈ ਐ। ਕਿਸਾਨਾਂ ਨੇ ਸਰਕਾਰ ਤੇ ਸਮਾਜ ਸੇਵੀਆਂ ਤੋਂ ਉਨ੍ਹਾਂ ਦੇ ਖੇਤਾਂ ਵਿਚ ਪਾਣੀ ਦੀ ਨਿਕਾਸੀ ਕਰਵਾਉਣ ਵਿਚ ਮਦਦ ਦੀ ਅਪੀਲ ਕੀਤੀ ਐ।


