
ਫਰੀਦਕੋਟ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 12 ਕਿੱਲੋ 100 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮਾਂ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਪਿੰਡ ਝਾੜੀ ਵਾਲਾ ਅਤੇ ਕਾਦਰ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਦੋਵੇਂ ਤਸਕਰਾਂ ਦੇ ਪਾਕਿਸਤਾਨ ਵਿਚ ਬੈਠੇ ਤਸਕਰਾਂ ਨਾਲ ਸਬੰਧ ਸਨ ਅਤੇ ਉਹ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾ ਕੇ ਅੱਗੇ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।
ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਥਾਣਾ ਸਦਰ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਝਾੜੀ ਵਾਲਾ ਅੰਦਰ ਕੁੱਝ ਨਸ਼ਾ ਤਸਕਰ ਸਰਗਰਮ ਹਨ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਨੇ ਛਾਪੇਮਾਰੀ ਕਰ ਕੇ ਦੋ ਵਿਅਕਤੀ ਸੁਖਪ੍ਰੀਤ ਸਿੰਘ ਵਾਸੀ ਪਿੰਡ ਝਾੜੀ ਵਾਲਾ ਅਤੇ ਕਾਦਰ ਸਿੰਘ ਵਾਸੀ ਜ਼ਿਲਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋ ਤਲਾਸ਼ੀ ਦੌਰਾਨ 12 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਗ੍ਰਿਫਤਾਰ ਕੀਤੇ ਗਏ ਦੋਨੋ ਅਰੋਪਿਆ ਵੱਲੋਂ ਸਰਹਦ ਪਾਰ ਪਾਕਿਸਤਾਨ ਤੋਂ ਡਰੋਨ ਜਰੀਏ ਇਹ ਖੇਪ ਮੰਗਵਾਈ ਗਈ ਸੀ ਜੋ ਕਿ ਪਿੰਡ ਝਾੜੀ ਵਾਲਾ ’ਚ ਸਟੋਰ ਕੀਤੀ ਗਈ ਸੀ ਜੋ ਅੱਗੇ ਸਪਲਾਈ ਕੀਤੀ ਜਾਣੀ ਸੀ ਪਰ ਪੁਲਿਸ ਵੱਲੋਂ ਪਹਿਲਾ ਹੀ ਇਸ ਦੀ ਬਰਾਮਦਗੀ ਕਰ ਲਈ ਗਈ ਜੋ ਕਿ ਜ਼ਿਲ੍ਹੇ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੀ ਵੀ ਏਨੀ ਵੱਡੀ ਮਾਤਰਾ ਵਿਚ ਹੈਰੋਇਨ ਦੀ ਬਰਾਮਦਗੀ ਨਹੀਂ ਹੋਈ ਸੀ।
ਉਨਾ ਦੱਸਿਆ ਕੇ ਦੋਨੋ ਆਰੋਪੀਆ ਨੂੰ ਰਿਮਾਂਡ ਤੇ ਲੈ ਕੇ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਕੇ ਪਾਕਿਸਤਾਨ ਚ ਬੈਠੇ ਨਸ਼ਾ ਤਸਕਰਾਂ ਨਾਲ ਇਨ੍ਹਾਂ ਦਾ ਸਬੰਧ ਕਿਸ ਤਰਾਂ ਬਣਿਆ ਅਤੇ ਕਿਸ ਤਰੀਕੇ ਨਾਲ ਇਸ ਖੇਪ ਨੂੰ ਲਿਆਂਦਾ ਗਿਆ ਐ। ਮੁਲਜਮਾਂ ਦੀ ਅਗਲੀ ਪੁਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਐ।

