ਮੋਗਾ ‘ਚ ਗੈਂਗਸਟਰਾਂ ਖ਼ਿਲਾਫ਼ ਪੁਲਿਸ ਦਾ ਵਿਸ਼ੇਸ਼ ਆਪ੍ਰੇਸ਼ਨ/ ਆਈ ਜੀ ਨੇ ਨੀਲਾਂਬਰੀ ਜਗਦਾਲੇ ਨੇ ਸੰਭਾਲੀ ਕਮਾਨ/ ਥਾਣਿਆਂ, ਨਾਕਿਆਂ ਤੇ P C R ਦੀ ਅਚਨਚੇਤ ਚੈਕਿੰਗ

0
2

ਪੰਜਾਬ ਵਿੱਚ ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ ਮੋਗਾ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਫਰੀਦਕੋਟ ਰੇਂਜ ਦੀ ਆਈਜੀ ਨੀਲਾਂਬਰੀ ਜਗਦਾਲੇ ਵਿਜੇ ਨੇ ਖੁਦ ਫੀਲਡ ਵਿੱਚ ਉਤਰ ਕੇ ਪੁਲਿਸ ਪ੍ਰਬੰਧਾਂ ਦੀ ਕਮਾਨ ਸੰਭਾਲੀ। ਆਈਜੀ ਵੱਲੋਂ ਪੁਲਿਸ ਥਾਣਿਆਂ, ਵਿਸ਼ੇਸ਼ ਨਾਕਿਆਂ ਅਤੇ ਪੀਸੀਆਰ ਟੀਮਾਂ ਦੀ ਚੈਕਿੰਗ ਕੀਤੀ ਗਈ ਅਤੇ ਮੁਲਾਜ਼ਮਾਂ ਨੂੰ ਪੂਰੀ ਮੁਸਤੈਦੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪੀਸੀਆਰ ਮੁਲਾਜ਼ਮਾਂ ਨੂੰ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਅਤੇ ਹੌਟਸਪੌਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਿਸੇ ਵੀ ਐਮਰਜੈਂਸੀ ਜਾਂ ਸ਼ਿਕਾਇਤ ਦੀ ਸੂਚਨਾ ਮਿਲਣ ‘ਤੇ ਪੁਲਿਸ ਮੁਲਾਜ਼ਮਾਂ ਨੂੰ 4 ਤੋਂ 5 ਮਿੰਟਾਂ ਵਿੱਚ ਮੌਕੇ ‘ਤੇ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ।

ਜਾਣਕਾਰੀ ਦਿੰਦਿਆਂ ਆਈਜੀ ਨੀਲਾਂਬਰੀ ਜਗਦਾਲੇ ਵਿਜੇ ਨੇ ਦੱਸਿਆ ਕਿ ਪੀਸੀਆਰ ਮੁਲਾਜ਼ਮਾਂ ਨੂੰ ਸ਼ਹਿਰ ਅਤੇ ਜ਼ਿਲ੍ਹੇ ਦੇ ਮਹੱਤਵਪੂਰਨ ਹੌਟਸਪੌਟ ਅਤੇ ਸੰਵੇਦਨਸ਼ੀਲ ਇਲਾਕੇ ਨਿਰਧਾਰਤ ਕਰਕੇ ਦਿੱਤੇ ਗਏ ਹਨ। ਇਨ੍ਹਾਂ ਥਾਵਾਂ ’ਤੇ ਲੋਕਾਂ ਦੀ ਆਵਾਜਾਈ ਵੱਧ ਰਹਿੰਦੀ ਹੈ, ਇਸ ਲਈ ਇੱਥੇ ਪੁਲਿਸ ਦੀ ਲਗਾਤਾਰ ਮੌਜੂਦਗੀ ਯਕੀਨੀ ਬਣਾਈ ਜਾ ਰਹੀ ਹੈ। ਹਰੇਕ ਮੁਲਾਜ਼ਮ ਨੂੰ ਇੱਕ ਨਿਸ਼ਚਿਤ ਬੀਟ ਅਤੇ ਇਲਾਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿੱਥੇ ਉਹ ਲਗਾਤਾਰ ਗਸ਼ਤ ਅਤੇ ਨਿਗਰਾਨੀ ਕਰਨਗੇ। ਉਨ੍ਹਾਂ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਨਾਲ ਉਨ੍ਹਾਂ ਦਾ ਵਿਹਾਰ ਚੰਗਾ ਅਤੇ ਸਹਿਯੋਗਪੂਰਨ ਹੋਣਾ ਚਾਹੀਦਾ ਹੈ। ਜੇਕਰ ਕਿਸੇ ਵੀ ਵਿਅਕਤੀ ਵੱਲੋਂ ਮੁਸ਼ਕਲ ਜਾਂ ਐਮਰਜੈਂਸੀ ਸਬੰਧੀ ਕਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਮੁਲਾਜ਼ਮ ਚਾਰ ਤੋਂ ਪੰਜ ਮਿੰਟਾਂ ਦੇ ਅੰਦਰ ਮੌਕੇ ’ਤੇ ਪਹੁੰਚ ਕੇ ਸਹਾਇਤਾ ਦੇਣ। ਇਸ ਦਾ ਮੁੱਖ ਮਕਸਦ ਆਮ ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।

ਆਈਜੀ ਨੇ ਦੱਸਿਆ ਕਿ ਪੁਲਿਸ ਥਾਣਿਆਂ ਅਤੇ ਨਾਕਿਆਂ ’ਤੇ ਤਾਇਨਾਤ ਮੁਲਾਜ਼ਮਾਂ ਦੀ ਚੌਕਸੀ, ਹਥਿਆਰਾਂ ਦੀ ਉਪਲਬਧਤਾ, ਡਿਊਟੀ ਦੌਰਾਨ ਹਾਜ਼ਰੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਕਿਆਂ ਅਤੇ ਥਾਣਿਆਂ ਵਿੱਚ ਲੋੜੀਂਦੀ ਰੌਸ਼ਨੀ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਦੀਆਂ ਡਿਊਟੀਆਂ ਰੋਟੇਸ਼ਨ ਅਨੁਸਾਰ ਲਗਾਈਆਂ ਜਾ ਰਹੀਆਂ ਹਨ ਅਤੇ ਐੱਸਐੱਸਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਵੀ ਲਗਾਤਾਰ ਫੀਲਡ ਵਿੱਚ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਥਾਣਾ ਸਿਟੀ ਮੋਗਾ ਦੀ ਵੀ ਜਾਂਚ ਕੀਤੀ ਗਈ। ਥਾਣੇ ਵਿੱਚ ਲੱਗੇ ਕੁੱਲ 17 ਸੀਸੀਟੀਵੀ ਕੈਮਰਿਆਂ ਦੀ ਕਾਰਜਪ੍ਰਣਾਲੀ ਚੈੱਕ ਕੀਤੀ ਗਈ ਅਤੇ ਸਾਰੇ ਕੈਮਰੇ ਚਾਲੂ ਹਾਲਤ ਵਿੱਚ ਪਾਏ ਗਏ। ਉਨ੍ਹਾਂ ਕਿਹਾ ਕਿ ਅਪਰਾਧਿਕ ਘਟਨਾਵਾਂ ਨੂੰ ਟਰੇਸ ਕਰਨ ਅਤੇ ਜਾਂਚ ਵਿੱਚ ਸੀਸੀਟੀਵੀ ਕੈਮਰੇ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਲਈ ਇਨ੍ਹਾਂ ਦਾ ਸਹੀ ਢੰਗ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ।

LEAVE A REPLY

Please enter your comment!
Please enter your name here