ਪੰਜਾਬ ਹਰਦਿਆਲ ਕੰਬੋਜ ਦਾ ਕਾਂਗਰਸ ’ਤੇ ਵੱਡਾ ਸ਼ਬਦੀ ਹਮਲਾ/ ਪਾਰਟੀ ਅੰਦਰਲੇ ਏਕੇ ਨੂੰ ਲੈ ਕੇ ਕੱਸਿਆ ਸਿਆਸੀ ਤੰਜ਼/ ਅਜੇ ਹੋਰ ਆਗੂਆਂ ਦੇ ਭਾਜਪਾ ’ਚ ਆਉਣ ਦਾ ਦਾਅਵਾ By admin - November 20, 2026 0 4 Facebook Twitter Pinterest WhatsApp ਪੰਜਾਬ ਦੀ ਸਿਆਸਤ ਵਿੱਚ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਦੋ ਵਾਰ ਰਾਜਪੁਰਾ ਤੋਂ ਵਿਧਾਇਕ ਰਹਿ ਚੁੱਕੇ ਸਾਬਕਾ ਕਾਂਗਰਸੀ ਆਗੂ ਹਰਦਿਆਲ ਕੰਬੋਜ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਅਤੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੁਰਾ ਹਾਲ ਹੋ ਚੁੱਕਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈਣਾ ਪਿਆ। ਕਾਂਗਰਸ ਵਿੱਚ ਪੂਰੀ ਏਕਤਾ ਹੋਣ ਦੇ ਪਰਗਟ ਸਿੰਘ ਦੇ ਦਾਅਵੇ ’ਤੇ ਤਨਜ਼ ਕੱਸਦਿਆਂ ਕੰਬੋਜ ਨੇ ਗੁਰਦਾਸਪੁਰ ਦੀ ਮੀਟਿੰਗ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉੱਥੇ ਹਰ ਆਗੂ ਦਾ ਮੂੰਹ ਵੱਖ-ਵੱਖ ਦਿਸ਼ਾ ਵੱਲ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ PCS ਭਰਤੀ ਪ੍ਰਕਿਰਿਆ ’ਤੇ ਹਾਈਕੋਰਟ ਵੱਲੋਂ ਲਗਾਈ ਗਈ ਰੋਕ ਦਾ ਸਵਾਗਤ ਕਰਦਿਆਂ ਉਨ੍ਹਾਂ ਅਦਾਲਤ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਹਰਦਿਆਲ ਸਿੰਘ ਕੰਬੋਜ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਸ਼ਾਮਲ ਸਨ। ਉਹ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜਪੁਰਾ ਹਲਕੇ ਤੋਂ ਜਿੱਤ ਕੇ ਵਿਧਾਇਕ ਬਣੇ ਸਨ। ਹਾਲ ਹੀ ਵਿੱਚ ਕਾਂਗਰਸ ਵੱਲੋਂ ਬਣਾਈ ਗਈ ਚੋਣ ਮੈਨੀਫੈਸਟੋ ਕਮੇਟੀ ਦੇ ਉਪ ਮੁਖੀ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ ਸੀ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਪਟਿਆਲਾ ਜ਼ਿਲ੍ਹੇ ਖਾਸ ਕਰਕੇ ਰਾਜਪੁਰਾ ਹਲਕੇ ਵਿੱਚ ਕਾਂਗਰਸ ਲਈ ਵੱਡੇ ਸਿਆਸੀ ਨੁਕਸਾਨ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਭਾਜਪਾ ਨੂੰ ਇਸ ਨਾਲ ਮਾਲਵਾ ਖੇਤਰ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਉਮੀਦ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਦਲ ਬਦਲਣ ਨਾਲ ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ।