ਮੋਗਾ ਦੇ ਪ੍ਰੇਮ ਨਗਰ ‘ਚ ਚੋਰੀ ਦੀ ਵੱਡੀ ਵਾਰਦਾਤ/ ਘਰ ਅੰਦਰ ਦਾਖਲ ਹੋ ਕੇ ਲੱਖਾਂ ਦਾ ਸਾਮਾਨ ਚੋਰੀ/ CCTV ‘ਚ ਕੈਦ ਵਾਰਦਾਤ, ਪੁਲਿਸ ਕਰ ਰਹੀ ਜਾਂਚ

0
1

ਮੋਗਾ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਪ੍ਰੇਮ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਕਰੀਬ 3 ਵਜੇ ਦੋ ਚੋਰ ਇੱਕ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰ ਘਰ ਵਿੱਚੋਂ 10 ਦਿਨ ਪਹਿਲਾਂ ਖਰੀਦੀ ਇਲੈਕਟ੍ਰਿਕ ਸਕੂਟੀ, ਤਿੰਨ ਮੋਬਾਈਲ ਫੋਨ, ਬੱਚੇ ਦੀ ਟੈਬ, ਸਮਾਰਟ ਵਾਚ ਅਤੇ ਕੱਪੜਿਆਂ ਦਾ ਬੈਗ ਲੈ ਗਏ। ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪਰਿਵਾਰ ਮੁਤਾਬਕ ਚੋਰ ਕਰੀਬ 15 ਮਿੰਟ ਤੱਕ ਘਰ ਅੰਦਰ ਘੁੰਮਦੇ ਰਹੇ ਅਤੇ ਇੱਕ ਚੋਰ ਕੋਲ ਚਾਕੂ ਵੀ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਰ ਦੇ ਮਾਲਕ ਹਨੀ ਅਰੋੜਾ ਨੇ ਦੱਸਿਆ ਕਿ ਰਾਤ ਕਰੀਬ ਤਿੰਨ ਵਜੇ ਦੋ ਨੌਜਵਾਨ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਘਰ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ, ਪਰ ਲੌਬੀ ਵਾਲੇ ਪਾਸੇ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਚੋਰ ਅੰਦਰ ਪਹੁੰਚ ਗਏ। ਇਸ ਦੌਰਾਨ ਉਹ ਘਰ ਵਿੱਚ ਖੜ੍ਹੀ ਇਲੈਕਟ੍ਰਿਕ ਸਕੂਟੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਰਾਤ ਕਰੀਬ ਸਾਢੇ ਤਿੰਨ ਤੋਂ ਪੌਣੇ ਚਾਰ ਵਜੇ ਦੇ ਦਰਮਿਆਨ ਜਦੋਂ ਉਨ੍ਹਾਂ ਦੇ ਸਹੁਰਾ ਸਾਹਿਬ ਬਾਥਰੂਮ ਜਾਣ ਲਈ ਉੱਠੇ ਤਾਂ ਉਨ੍ਹਾਂ ਨੇ ਘਰ ਦਾ ਗੇਟ ਖੁੱਲ੍ਹਾ ਦੇਖਿਆ। ਇਸ ਤੋਂ ਬਾਅਦ ਜਦੋਂ ਪਰਿਵਾਰ ਨੇ ਉੱਠ ਕੇ ਸਾਮਾਨ ਦੀ ਜਾਂਚ ਕੀਤੀ ਤਾਂ ਘਰ ਵਿੱਚੋਂ ਸਕੂਟੀ ਸਮੇਤ ਕਈ ਚੀਜ਼ਾਂ ਗਾਇਬ ਸਨ। ਚੋਰ ਤਿੰਨ ਮੋਬਾਈਲ ਫੋਨ, ਬੱਚੇ ਦੀ ਟੈਬ, ਇੱਕ ਸਮਾਰਟ ਵਾਚ ਅਤੇ ਕੱਪੜਿਆਂ ਨਾਲ ਭਰਿਆ ਬੈਗ ਵੀ ਲੈ ਗਏ।

ਪੀੜਤ ਪਰਿਵਾਰ ਅਨੁਸਾਰ ਚੋਰੀ ਹੋਈ ਇਲੈਕਟ੍ਰਿਕ ਸਕੂਟੀ ਕਰੀਬ 65 ਹਜ਼ਾਰ ਰੁਪਏ ਦੀ ਸੀ, ਜੋ ਉਨ੍ਹਾਂ ਨੇ ਮਹਿਜ਼ 10 ਦਿਨ ਪਹਿਲਾਂ ਹੀ ਖਰੀਦੀ ਸੀ। ਇਸ ਤੋਂ ਇਲਾਵਾ ਤਿੰਨ ਸੈਮਸੰਗ ਕੰਪਨੀ ਦੇ ਮੋਬਾਈਲ ਫੋਨਾਂ ਦੀ ਕੀਮਤ ਕਰੀਬ 90 ਹਜ਼ਾਰ ਰੁਪਏ ਅਤੇ ਬੱਚੇ ਦੀ ਟੈਬ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਦੱਸੀ ਗਈ ਹੈ। ਇਸ ਤਰ੍ਹਾਂ ਸਿਰਫ਼ ਸਕੂਟੀ, ਮੋਬਾਈਲ ਫੋਨਾਂ ਅਤੇ ਟੈਬ ਦੀ ਕੀਮਤ ਹੀ ਕਰੀਬ 1.80 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਸਮਾਰਟ ਵਾਚ ਅਤੇ ਕੱਪੜਿਆਂ ਦਾ ਬੈਗ ਵੀ ਚੋਰ ਆਪਣੇ ਨਾਲ ਲੈ ਗਏ। ਘਰ ਦੇ ਮਾਲਕ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇਖਣ ‘ਤੇ ਪਤਾ ਲੱਗਿਆ ਕਿ ਦੋ ਨੌਜਵਾਨ ਘਰ ਅੰਦਰ ਕਰੀਬ 15 ਮਿੰਟ ਤੱਕ ਘੁੰਮਦੇ ਰਹੇ ਅਤੇ ਵੱਖ-ਵੱਖ ਥਾਵਾਂ ਦੀ ਜਾਂਚ ਕਰਦੇ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਚੋਰਾਂ ਵਿੱਚੋਂ ਇੱਕ ਕੋਲ ਚਾਕੂ ਵੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਕੋਈ ਮੈਂਬਰ ਜਾਗ ਪੈਂਦਾ ਤਾਂ ਚੋਰ ਉਸ ‘ਤੇ ਹਮਲਾ ਵੀ ਕਰ ਸਕਦੇ ਸਨ। ਇਸ ਗੱਲ ਨੂੰ ਲੈ ਕੇ ਪਰਿਵਾਰ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ।

ਪੀੜਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਸਾਈਕਲ ਗੁੰਮ ਹੋ ਚੁੱਕਾ ਹੈ, ਜਿਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ। ਹੁਣ ਮੁੜ ਘਰ ਵਿੱਚ ਵੱਡੀ ਚੋਰੀ ਹੋਣ ਕਾਰਨ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਦੀ ਜਲਦ ਪਛਾਣ ਕਰਕੇ ਸਾਮਾਨ ਬਰਾਮਦ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਅਨੁਸਾਰ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਸਮੇਤ ਹੋਰ ਜਾਣਕਾਰੀ ਇਕੱਠੀ ਕਰਨ ਦਾ ਭਰੋਸਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਕਿੰਨੀ ਜਲਦੀ ਚੋਰਾਂ ਤੱਕ ਪਹੁੰਚਦੀ ਹੈ ਅਤੇ ਚੋਰੀ ਕੀਤਾ ਸਾਮਾਨ ਬਰਾਮਦ ਕਰਵਾਉਂਦੀ ਹੈ।

LEAVE A REPLY

Please enter your comment!
Please enter your name here