ਪਟਿਆਲਾ ‘ਚ ਅਚਾਨਕ ਡਿੱਗਿਆ ਨਹਿਰ ਦਾ ਪੁਲ/ ਪੁਲ ਸਮੇਤ ਹੇਠਾਂ ਡਿੱਗਿਆ ਟਰੱਕ/ ਜਾਨੀ ਨੁਕਸਾਨ ਤੋਂ ਬਚਾਅ, ਲੋਕਾਂ ’ਚ ਮਚੀ ਹਫੜਾ-ਦਫੜੀ

0
1

ਪਟਿਆਲਾ ਦੇ ਦੱਖਣੀ ਬਾਈਪਾਸ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪਸਿਆਣਾ ਨੇੜੇ ਨਹਿਰ ‘ਤੇ ਬਣਿਆ ਪੁਲ ਅਚਾਨਕ ਢਹਿ ਗਿਆ, ਜਿਸ ਕਾਰਨ ਉੱਥੋਂ ਲੰਘ ਰਿਹਾ ਇੱਕ ਟਰੱਕ ਵੀ ਪੁਲ ਦੇ ਨਾਲ ਹੇਠਾਂ ਡਿੱਗ ਗਿਆ। ਪੁਲ ਡਿੱਗਣ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਪੁਲ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭ ਦਿੱਤੇ ਹਨ।  ਘਟਨਾ ਤੜਕਸਾਰ ਪਿੰਡ ਪਸਿਆਣਾ ਨੇੜੇ ਉਸ ਸਮੇਂ ਵਾਪਰੀ ਜਦੋਂ ਦੋ ਟਰੱਕ ਪੁਲ ਤੋਂ ਲੰਘ ਰਹੇ ਸਨ। ਇਹ ਟਰੱਕ ਰੇਤ ਨਾਲ ਭਰੇ ਹੋਏ ਸਨ।
ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਪੁਲ ਜ਼ਿਆਦਾ ਭਾਰ ਕਾਰਨ ਡਿੱਗਿਆ ਹੈ—ਜੋ ਸ਼ਾਇਦ ਪੁਲ ਤੋਂ ਲੰਘਣ ਦੀ ਨਿਰਧਾਰਤ ਸੀਮਾ ਤੋਂ ਵੱਧ ਸੀ। ਪਰ, ਅਸਲ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਵੱਲੋਂ ਲਗਾਇਆ ਜਾਵੇਗਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਛੇ ਵਜੇ ਜਦੋਂ ਇਸ ਪੁਲ ਤੋਂ ਤਿੰਨ ਗੱਡੀਆਂ ਲੰਘ ਰਹੀਆਂ ਸਨ ਤਾਂ ਜਦੋਂ ਇਕ ਗੱਡੀ ਦਾ ਅੱਧਾ ਹਿੱਸਾ ਅਜੇ ਪੁਲ ‘ਤੇ ਹੀ ਸੀ ਤਾਂ ਪੁੱਲ ਡਿੱਗ ਟੁੱਟ ਗਿਆ ਪਰੰਤੂ ਉਸ ਟਰੱਕ ਡਰਾਈਵਰ ਨੇ ਭਜਾ ਕੇ ਆਪਣੀ ਗੱਡੀ ਕੱਢ ਦਿੱਤੀ। ਪਰੰਤੂ ਜਿਹੜੀਆਂ ਦੋ ਗੱਡੀਆਂ ਪੁਲ ਦੇ ਉੱਪਰ ਸਨ ਉਹ ਪੁਲ ਦੇ ਨਾਲ ਹੀ ਹੇਠਾਂ ਡਿੱਗ ਗਈਆਂ।
ਪੁਲ ਡਿੱਗਣ ਤੋਂ ਬਾਅਦ, ਦੋਵੇਂ ਟਰੱਕ ਟੁੱਟੇ ਹੋਏ ਢਾਂਚੇ ਵਿੱਚ ਫਸ ਗਏ ਅਤੇ ਨਹਿਰ ਦੇ ਉੱਪਰ ਲਟਕਦੇ ਰਹੇ, ਜਦਕਿ ਭਾਖੜਾ ਨਹਿਰ ਦਾ ਪਾਣੀ ਡਿੱਗੇ ਹੋਏ ਪੁਲ ਦੇ ਉੱਪਰੋਂ ਵਹਿ ਰਿਹਾ ਸੀ। ਇੱਕ ਟਰੱਕ ਨੂੰ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ, ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ ਸਥਿਤੀ ਨੂੰ ਸੰਭਾਲਣ ਅਤੇ ਰਾਹਤ ਤੇ ਬਚਾਅ ਕਾਰਜ ਚਲਾਉਣ ਲਈ ਮੌਕੇ ‘ਤੇ ਪਹੁੰਚ ਗਈਆਂ। ਆਲੇ ਦੁਆਲੇ ਲੋਹੇ ਦਾ ਜੰਗਲਾ ਹੋਣ ਕਾਰਨ ਪੁਲ ਪਾਣੀ ਵਿੱਚ ਤਾਂ ਨਹੀਂ ਰੁੜੀਆਂ ਪ੍ਰੰਤੂ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਉਹ ਨਸ਼ਟ ਹੋ ਗਿਆ। ਮੁਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਅੱਗ ਟਰੱਕ ਦੀਆਂ ਹੀ ਤਾਰਾਂ ਸ਼ਾਰਟ ਹੋਣ ਕਰਨ ਲੱਗੀ। ਇਸ ਦੌਰਾਨ ਇੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਹੈ ਹਾਲਾਂਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ।
ਪ੍ਰਭਾਵਿਤ ਹਾਈਵੇਅ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਮੋੜ  ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਕੌਮੀ ਮਾਰਗ 2016 ਵਿੱਚ ਮੁਕੰਮਲ ਹੋਇਆ ਸੀ ਅਤੇ ਇਹ ਪੁਲ ਵੀ ਉਸੇ ਸਮੇਂ ਬਣਾਇਆ ਗਿਆ ਸੀ—ਜਿਸ ਕਾਰਨ ਕਰੀਬ 10 ਸਾਲਾਂ ਬਾਅਦ ਹੀ ਇਸ ਦੇ ਡਿੱਗਣ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਖਬਰਾਂ ਮੁਤਾਬਕ  PB-03-BC-9456 ਅਤੇ HR-63-B-4935 ਨੰਬਰਾਂ ਵਾਲੇ ਟਰੱਕ ਵਿੱਚ ਡਿੱਗੇ ਹਨ, ਜਿਨਾਂ ਵਿੱਚੋਂ ਇੱਕ ਟਰੱਕ ਨੂੰ ਅੱਗ ਲੱਗ ਗਈ। ਇਨ੍ਹਾਂ ਵਿੱਚੋਂ ਹੀ ਇੱਕ ਟਰੱਕ ਦੇ ਜਖਮੀ ਹੋਏ ਡਰਾਈਵਰ ਦੀ ਪਛਾਣ ਗੁਰਜੰਟ ਸਿੰਘ ਵਾਸੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਉਹ ਟਰੱਕ ਨੰਬਰ PB-03-BC-9456 ਦਾ ਡਰਾਈਵਰ ਹੈ ਅਤੇ ਉਸ ਨੂੰ ਜ਼ਖਮੀ ਹਾਲਤ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here