
ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਡਿਊਟੀ ’ਤੇ ਜਾਂਦੇ ਓਟ ਸੈਂਟਰ ਦੇ ਇੱਕ ਕਰਮਚਾਰੀ ਨੂੰ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫ਼ੋਨ ਸਮੇਤ ਕਾਬੂ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਮੁਲਜ਼ਮ ਰਜਤ ਕੋਲੋਂ ਕੁੱਲ 91 ਗ੍ਰਾਮ ਨਸ਼ੀਲਾ ਪਦਾਰਥ, 98 ਕੈਪਸੂਲ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਵਿੱਚ ਸੀ। ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰਕੇ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਜੁਟੀ ਹੈ।

ਥਾਣਾ ਸਿਟੀ ਹੁਸ਼ਿਆਰਪੁਰ ਦੇ ਐਸ.ਐਚ.ਓ. ਅਨਿਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਵੱਲੋਂ ਪੁਲਿਸ ਨੂੰ ਇੱਕ ਲਿਖਤੀ ਪੱਤਰ ਪ੍ਰਾਪਤ ਹੋਇਆ ਸੀ। ਪੱਤਰ ਮੁਤਾਬਕ, ਮੈਡੀਕਲ ਵਿਭਾਗ (ਓਟ ਸੈਂਟਰ/ਨਸ਼ਾ ਛੁਡਾਊ ਕੇਂਦਰ) ਦਾ ਕਰਮਚਾਰੀ ਰਜਤ (ਪੁੱਤਰ ਸੰਜੀਵ ਕੁਮਾਰ, ਵਾਸੀ ਖੁਣ-ਖੁਣ ਕਲਾਂ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ) ਜੇਲ੍ਹ ਅੰਦਰ ਨਸ਼ੇ ਦੇ ਆਦੀ ਕੈਦੀਆਂ ਨੂੰ ਦਵਾਈਆਂ ਅਤੇ ਕੌਂਸਲਿੰਗ ਮੁਹੱਈਆ ਕਰਵਾਉਣ ਦੀ ਡਿਊਟੀ ਕਰਦਾ ਸੀ। ਜਦੋਂ ਮੁਲਜ਼ਮ ਰਜਤ ਆਪਣੀ ਡਿਊਟੀ ਕਰਨ ਲਈ ਜੇਲ੍ਹ ਦੇ ਅੰਦਰ ਜਾ ਰਿਹਾ ਸੀ, ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 40 ਗ੍ਰਾਮ ਨਸ਼ੀਲਾ ਪਦਾਰਥ ਅਤੇ 51 ਗ੍ਰਾਮ ਨਸ਼ੀਲੇ ਕੈਪਸੂਲ 98 ਲਾਲ ਰੰਗ ਦੇ ਕੈਪਸੂਲ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ।
ਪੁਲਿਸ ਮੁਤਾਬਕ ਮੁਲਜ਼ਮ ਡਿਊਟੀ ਦੀ ਆੜ ਵਿੱਚ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ। ਪੁਲਿਸ ਨੇ ਮੁਲਜ਼ਮ ਰਜਤ ਖ਼ਿਲਾਫ਼ ਥਾਣਾ ਸਿਟੀ ਵਿਖੇ ਐਫ.ਆਈ.ਆਰ. ਨੰਬਰ 298 (ਮਿਤੀ 13/11/2026) ਤਹਿਤ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 20, 22, 61 ਅਤੇ 85 ਅਧੀਨ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦਾ ਵੀ ਪਤਾ ਲਗਾਇਆ ਜਾ ਸਕੇ।

