
ਪੰਜਾਬ ਕਾਂਗਰਸ ਵੱਲੋਂ ‘ਪੰਜਾਬ ਮੰਗਦਾ ਹਿਸਾਬ’ ਮੁਹਿੰਮ ਤਹਿਤ ਪੰਜ ਦਿਨਾਂ ਦੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਦਫ਼ਤਰ ਤੋਂ ਇੱਕ ਬੱਸ ਰਵਾਨਾ ਹੋਵੇਗੀ, ਜਿਸ ਵਿੱਚ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਗਟ ਸਿੰਘ ਮੌਜੂਦ ਰਹਿਣਗੇ। ਬੱਸ ਦੇ ਨਾਲ ਦੋ ਇਨੋਵਾ ਗੱਡੀਆਂ ਵੀ ਚੱਲਣਗੀਆਂ। ਯਾਤਰਾ ਦੇ ਪਹਿਲੇ ਪੜਾਅ ਵਿੱਚ ਬੱਸ ਮੋਹਾਲੀ ਪਹੁੰਚੇਗੀ, ਜਿੱਥੇ ਸਥਾਨਕ ਕਾਂਗਰਸ ਆਗੂਆਂ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਮੋਹਾਲੀ ਕਲੱਬ ਵਿਖੇ ਵੱਖ-ਵੱਖ ਵਰਗਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਸਮੇਤ ਹਰ ਵਰਗ ਦੇ ਮੁੱਦੇ ਚੁੱਕੇ ਜਾਣਗੇ ਅਤੇ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ। ਉੱਥੇ ਹੀ ਚਰਨਜੀਤ ਸਿੰਘ ਚੰਨੀ ਦੀ ਯਾਤਰਾ ਸਬੰਧੀ ਉਨ੍ਹਾਂ ਕਿਹਾ ਕਿ ਪਾਰਟੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸਾਰੇ ਸੀਨੀਅਰ ਆਗੂ ਸ਼ਮੂਲੀਅਤ ਕਰਨਗੇ। ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਭਾਜਪਾ ਵੱਲੋਂ ਉਠਾਏ ਜਾ ਰਹੇ ਸਵਾਲਾਂ ‘ਤੇ ਬਾਜਵਾ ਨੇ ਕਿਹਾ ਕਿ ਭਾਜਪਾ ਕੋਲ ਕੋਈ ਹੋਰ ਮੁੱਦਾ ਨਹੀਂ ਹੈ ਅਤੇ ਜਾਣਬੁੱਝ ਕੇ ਇਸ ਮਾਮਲੇ ਨੂੰ ਚੁੱਕਿਆ ਜਾ ਰਿਹਾ ਹੈ।

