ਪੰਜਾਬ MLA ਭਰਾਜ ਨੇ ਫੱਗੂਵਾਲਾ ਰੈਲੀ ਨੂੰ ਲੈ ਕੇ ਘੇਰੀ ਕਾਂਗਰਸ/ 100 ਕਾਂਗਰਸੀ ਵਰਕਰ ‘ਆਪ’ ‘ਚ ਸ਼ਾਮਲ ਹੋਣ ਦਾ ਦਾਅਵਾ/ ਈਡੀ ਤੇ ਸੀਬੀਆਈ ਨੂੰ ਲੈ ਕੇ ਵੀ ਚੁੱਕੇ ਸਵਾਲ By admin - November 5, 2026 0 2 Facebook Twitter Pinterest WhatsApp ਸੰਗਰੂਰ ਦੇ ਪਿੰਡ ਫੱਗੂਵਾਲਾ ਵਿੱਚ ਕਾਂਗਰਸ ਦੀ ਰੈਲੀ ਤੋਂ ਬਾਅਦ ਸਿਆਸੀ ਪਾਰਾ ਹੋਰ ਚੜ੍ਹ ਗਿਆ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਤਿੱਖੇ ਨਿਸ਼ਾਨੇ ਸਾਧੇ। ਭਰਾਜ ਨੇ ਦਾਅਵਾ ਕੀਤਾ ਕਿ ਰੈਲੀ ਤੋਂ ਬਾਅਦ ਕਰੀਬ 100 ਵਰਕਰ ਕਾਂਗਰਸ ਅਤੇ ਹੋਰ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਰੋਡਮੈਪ ਨਹੀਂ ਹੈ ਅਤੇ ਪਾਰਟੀ ਸਿਰਫ਼ ਕੁਰਸੀ ਦੀ ਲੜਾਈ ਲੜ ਰਹੀ ਹੈ। ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਵੀ ਵਿਰੋਧੀਆਂ ਨੂੰ ਘੇਰਦਿਆਂ ਉਨ੍ਹਾਂ ਨੇ ‘ਆਪ’ ਸਰਕਾਰ ਦੀਆਂ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਤੇ ਵੱਖ-ਵੱਖ ਪ੍ਰਾਪਤੀਆਂ ਗਿਣਵਾਈਆਂ। ਆਪਣੇ ਸੰਬੋਧਨ ਵਿਚ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਰਕਰ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਗੂਆਂ ਦੇ ਆਪਣੇ ਪਰਿਵਾਰਾਂ ਵਿੱਚ ਹੀ ਵਿਚਾਰਧਾਰਕ ਸਹਿਮਤੀ ਨਹੀਂ ਹੈ, ਜਿੱਥੇ ਇੱਕੋ ਛੱਤ ਹੇਠ ਦੋ-ਦੋ ਪਾਰਟੀਆਂ ਦੇ ਝੰਡੇ ਝੂਲ ਰਹੇ ਹਨ, ਉਹ ਪੰਜਾਬ ਨੂੰ ਇਕਜੁੱਟ ਕਰਨ ਦੀਆਂ ਗੱਲਾਂ ਕਰ ਰਹੇ ਹਨ। ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਸਾਲਾਂਬੱਧੀ ਸੱਤਾ ਭੋਗੀ, ਉਨ੍ਹਾਂ ਦੇ ਰਾਜ ਵਿੱਚ ਨਸ਼ਾ ਫੈਲਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਕਮੇਟੀਆਂ ਬਣਾ ਕੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਚਲਾਈ ਗਈ ਹੈ, ਹਜ਼ਾਰਾਂ ਮੁਲਜ਼ਮਾਂ ‘ਤੇ ਕਾਰਵਾਈ ਹੋਈ ਹੈ ਅਤੇ ਪੁਨਰਵਾਸ ਕੇਂਦਰਾਂ ਰਾਹੀਂ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਲਈ ਨਹਿਰੀ ਪਾਣੀ ਅਤੇ ਬਿਜਲੀ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕਾ ਨੇ ਕੇਂਦਰੀ ਏਜੰਸੀਆਂ ਈ.ਡੀ. ਅਤੇ ਸੀ.ਬੀ.ਆਈ. ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਵਿਰੋਧੀਆਂ ਵੱਲੋਂ ਅਜਿਹੇ ਹੱਥਕੰਡੇ ਵਰਤੇ ਜਾਂਦੇ ਹਨ। ਦੂਜੇ ਪਾਸੇ ਸੰਗਰੂਰ ਸੀਟ ਤੋਂ ਉਮੀਦਵਾਰ ਦੇ ਐਲਾਨ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਟਿਕਟਾਂ ਦੀ ਵੰਡ ਬਾਰੇ ਆਖ਼ਰੀ ਫ਼ੈਸਲਾ ਪਾਰਟੀ ਦੀ ਹਾਈਕਮਾਂਡ ਵੱਲੋਂ ਹੀ ਲਿਆ ਜਾਵੇਗਾ।