ਮੁਕਤਸਰ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਮ/ ਨੈਸ਼ਨਲ ਐਥਲੈਟਿਕਸ ਖੇਡਾਂ ’ਚ ਪ੍ਰਾਪਤ ਕੀਤੇ ਦੋ ਗੋਲਡ ਮੈਡਲ/ ਖੁਦ ਦੇ ਖਰਚੇ ਨਾਲ ਬਣੀ ਚੈਂਪੀਅਨ, ਸਰਕਾਰੀ ਨੌਕਰੀ ਦੀ ਮੰਗ

0
1

ਪੰਜਾਬ ਦੀ ਧੀ ਨੇ ਕੌਮੀ ਪੱਧਰ ‘ਤੇ ਦੋ ਸੋਨ ਤਗਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਅੱਬੁਲ ਖੁਰਾਣਾ ਦੀ ਰਹਿਣ ਵਾਲੀ ਸੁਨੀਤਾ ਨੇ ਦਿੱਲੀ ਵਿਖੇ ਹੋਈਆਂ ਨੈਸ਼ਨਲ ਐਥਲੈਟਿਕਸ ਖੇਡਾਂ ਵਿੱਚ 800 ਮੀਟਰ ਅਤੇ 5 ਕਿਲੋਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਦੋ ਗੋਲਡ ਮੈਡਲ ਆਪਣੇ ਨਾਂ ਕੀਤੇ ਹਨ। ਖ਼ਾਸ ਗੱਲ ਇਹ ਹੈ ਕਿ ਗਰੀਬ ਪਰਿਵਾਰ ਨਾਲ ਸਬੰਧਤ ਸੁਨੀਤਾ ਬਿਨਾਂ ਕਿਸੇ ਸਰਕਾਰੀ ਮਦਦ ਦੇ ਆਪਣੇ ਖਰਚੇ ‘ਤੇ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਹੁਣ ਇਸ ਹੋਣਹਾਰ ਖਿਡਾਰਨ ਨੇ ਸਰਕਾਰ ਤੋਂ ਸਪੋਰਟਸ ਕੋਟੇ ਤਹਿਤ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਉੱਧਰ, ਪਿੰਡ ਵਾਸੀਆਂ ਨੇ ਵੀ ਸਰਕਾਰ ਨੂੰ ਇਸ ਧੀ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਸੁਨੀਤਾ ਦੇ ਪਿੰਡ ਪਹੁੰਚਣ ‘ਤੇ ਜਿੱਥੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਇਸ ਹੋਣਹਾਰ ਧੀ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ। ਪਹਿਲੀ ਨਵੰਬਰ ਨੂੰ ਦਿੱਲੀ ਵਿਖੇ ਕਰਵਾਈਆਂ ਗਈਆਂ ਨੈਸ਼ਨਲ ਖੇਡਾਂ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਜਿਵੇਂ ਪੰਜਾਬ, ਹਰਿਆਣਾ ਅਤੇ ਦੱਖਣੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ ਸੀ।
ਇਨ੍ਹਾਂ ਮੁਕਾਬਲਿਆਂ ਵਿੱਚ ਪਿੰਡ ਅੱਬੁਲ ਖੁਰਾਣਾ ਦੀ ਸੁਨੀਤਾ ਨੇ ਐਥਲੈਟਿਕਸ ਦੀ 800 ਮੀਟਰ ਅਤੇ 5 ਕਿਲੋਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਦੋ ਸੋਨ ਤਗਮੇ ਜਿੱਤੇ ਹਨ। ਸੁਨੀਤਾ ਇਸ ਤੋਂ ਪਹਿਲਾਂ ਵੀ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਤੋਂ ਇਲਾਵਾ ਦੂਜੀ ਵਾਰ ਨੈਸ਼ਨਲ ਪੱਧਰ ‘ਤੇ ਖੇਡ ਚੁੱਕੀ ਹੈ। ਬਿਨਾਂ ਕਿਸੇ ਸਰਕਾਰੀ ਮਦਦ ਦੇ ਆਪਣੇ ਪੱਧਰ ‘ਤੇ (ਓਪਨ) ਖੇਡਣ ਵਾਲੀ ਸੁਨੀਤਾ ਭਵਿੱਖ ਵਿੱਚ ਐਥਲੈਟਿਕਸ ਵਿੱਚ ਹੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ ਅਤੇ ਸਰਕਾਰ ਤੋਂ ਸਪੋਰਟਸ ਕੋਟੇ ਤਹਿਤ ਸਰਕਾਰੀ ਨੌਕਰੀ ਦੀ ਉਮੀਦ ਰੱਖਦੀ ਹੈ।
ਦੂਜੇ ਪਾਸੇ ਪਿੰਡ ਦੇ ਸਰਪੰਚ ਅਤੇ ਮੋਹਤਬਰਾਂ ਨੇ ਕਿਹਾ ਕਿ ਪੂਰੇ ਪਿੰਡ ਨੂੰ ਆਪਣੀ ਧੀ ਦੀ ਇਸ ਵੱਡੀ ਪ੍ਰਾਪਤੀ ‘ਤੇ ਬੇਹੱਦ ਮਾਣ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੀ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਪਰਿਵਾਰ ਕੋਲ ਅੱਗੇ ਵਧਣ ਲਈ ਲੋੜੀਂਦੇ ਸਾਧਨ ਨਹੀਂ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਹੋਣਹਾਰ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇ ਕੇ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਵੇ।

LEAVE A REPLY

Please enter your comment!
Please enter your name here